ਇਸਲਾਮਾਬਾਦ : ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਵਿੱਚ ਇੱਕ ਅਧਿਕਾਰੀ ਦੀ ਪਤਨੀ ਦੇ ਕੋਰੋਨਾ ਪੌਜ਼ੀਟਿਵ ਆਉਣ ਬਾਅਦ ਦੂਤਾਵਾਸ ਦੇ 12 ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਇਹ ਸਾਰੇ ਪਿਛਲੇ ਹਫ਼ਤੇ ਹੀ ਭਾਰਤ ਤੋਂ ਪਰਤੇ ਸਨ।
ਵਿਦੇਸ਼ੀ ਦਫ਼ਤਰ ਦੇ ਬੁਲਾਰੇ ਜਾਹਿਦ ਹਫੀਜ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਦੇ 12 ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 22 ਮਈ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਆਏ ਸਨ। ਪਾਕਿਸਤਾਨ ਦੀ ਕੋਰੋਨਾ ਗਾਈਡ ਲਾਈਨ ਦੇ ਅਨੁਸਾਰ ਉਨ੍ਹਾਂ ਦੀ ਨੈਗੇਟਿਵ ਰਿਪੋਰਟ ਨਾਲ ਹੋਣ ਦੇ ਬਾਵਜੂਦ ਦੁਬਾਰਾ ਟੈਸਟ ਕਰਵਾਇਆ ਗਿਆ ਸੀ।
ਇਨ੍ਹਾਂ ਸਾਰੇ ਟੈਸਟਾਂ ਵਿੱਚ ਇੱਕ ਅਧਿਕਾਰੀ ਦੀ ਪਤਨੀ ਕੋਰੋਨਾ ਪੌਜ਼ੀਟਿਵ ਮਿਲੀ ਹੈ। ਬੁਲਾਰੇ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਅਫ਼ਸਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਾਹਨ ਚਾਲਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਹ ਪੂਰੀ ਤਰ੍ਹਾਂ ਕੋਰੋਨਾ ਸਬੰਧੀ ਬਣਾਏ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੀ ਕੀਤਾ ਗਿਆ ਹੈ। ਦੋਵੇਂ ਦੇਸ਼ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਤਿਆਰ ਹਨ।