Tuesday, December 03, 2024
 

ਚੀਨ

ਚੀਨ ਵਿਚ ਮੈਰਾਥਨ ’ਚ ਹਿੱਸਾ ਲੈਣ ਵਾਲੇ 21 ਲੋਕਾਂ ਦੀ ਮੌਤ

May 23, 2021 07:35 PM

ਬੀਜਿੰਗ (ਏਜੰਸੀਆਂ) : ਉੱਤਰੀ-ਪੱਛਮੀ ਚੀਨ ਵਿਚ ਬਹੁਤ ਖਰਾਬ ਮੌਸਮ ਕਾਰਨ 100 ਕਿਲੋਮੀਟਰ ਕ੍ਰਾਸ-ਕੰਟਰੀ ਪਰਬਤੀ ਮੈਰਾਥਨ ਵਿਚ ਭਾਗ ਲੈਣ ਵਾਲੇ 21 ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦਸਿਆ ਕਿ ਗਾਂਸੁ ਸੂਬੇ ਵਿਚ ਇਕ ਸੈਲਾਨੀ ਸਥਲ ’ਯੇਲੋ ਰੀਵਰ ਫ਼ੌਰੇਸਟ’ ਵਿਚ ਆਯੋਜਤ ਦੌੜ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਬਰਫ਼ੀਲੀ ਬਾਰਸ਼ ਦਾ ਸਾਹਮਣਾ ਕਰਨਾ ਪਿਆ।
ਪਰਬਤੀ ਮੈਰਾਥਨ ਵਿਚ ਕੁੱਲ 172 ਲੋਕਾਂ ਨੇ ਹਿੱਸਾ ਲਿਆ ਸੀ। ਅਧਿਕਾਰਤ ਮੀਡੀਆ ਦੀ ਖ਼ਬਰ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 21 ਹੋ ਗਈ। ਮੈਰਾਥਨ ਵਿਚ ਹਿੱਸਾ ਲੈਣ ਵਾਲੇ ਹੋਰ 151 ਲੋਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 8 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਕ ਹਸਪਤਾਲ ਵਿਚ ਇਲਾਜ ਕੀਤਾ ਗਿਆ। ਬਚਾਅ ਹੈੱਡਕੁਆਰਟਰ ਮੁਤਾਬਕ ਸਨਿਚਰਵਾਰ ਦੁਪਹਿਰ 1 ਵਜੇ ਦੌੜ ਵਾਲੇ ਇਲਾਕੇ ਵਿਚ ਗੜ੍ਹੇਮਾਰੀ ਅਤੇ ਬਰਫ਼ੀਲੀ ਬਾਰਸ਼ ਹੋਈ ਅਤੇ ਤੇਜ਼ ਹਵਾਵਾਂ ਚੱਲੀਆਂ। ਵਾਯੂਮੰਡਲੀ ਤਾਪਮਾਨ ਵਿਚ ਅਚਾਨਕ ਗਿਰਾਵਟ ਦੇ ਕਾਰਨ ਲੋਕਾਂ ਨੂੰ ਮੁਸ਼ਕਲ ਹੋਣ ਲੱਗੀ।
ਦੌੜ ਵਿਚ ਹਿੱਸਾ ਲੈਣ ਵਾਲੇ ਕੱੁਝ ਲੋਕਾਂ ਦੇ ਲਾਪਤਾ ਹੋਣ ਦੇ ਬਾਅਦ ਮੁਕਾਬਲਾ ਰੋਕ ਦਿਤਾ ਗਿਆ। ਬਾਇਥਿਨ ਸ਼ਹਿਰ ਦੇ ਮੇਅਰ ਝਾਂਗ ਸ਼ੁਚੇਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਸਥਾਨਕ ਸਰਕਾਰ ਨੇ ਲਾਪਤਾ ਲੋਕਾਂ ਦੀ ਤਲਾਸ਼ ਲਈ ਉਪਕਰਨਾਂ ਨਾਲ ਲੈਸ 1200 ਤੋਂ ਵੱਧ ਬਚਾਅਕਰਤਾਵਾਂ ਨੂੰ ਕੰਮ ’ਤੇ ਲਗਾਇਆ। ਇਲਾਕੇ ਵਿਚ ਰਾਤ ਨੂੰ ਮੁੜ ਤਾਪਮਾਨ ਡਿੱਗ ਗਿਆ, ਜਿਸ ਨਾਲ ਤਲਾਸ਼ ਅਤੇ ਬਚਾਅ ਮੁਹਿੰਮ ਹੋਰ ਮੁਸ਼ਕਲ ਹੋ ਗਈ।

 

Have something to say? Post your comment

Subscribe