ਔਟਵਾ: ਕੈਨੇਡੀਅਨ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ 38 ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਮਹਾਂਮਾਰੀ ਕਾਰਨ ਇੰਮੀਗ੍ਰੇਸ਼ਨ ਪ੍ਰਣਾਲੀ ’ਤੇ ਪਏ ਪ੍ਰਭਾਵਾਂ ਦਾ ਅਧਿਐਨ ਕਰਨ ਵਾਲੀ ਇੱਕ ਸੰਸਦੀ ਕਮੇਟੀ ਵੱਲੋਂ ਆਪਣੀਆਂ ਸਿਫਾਰਸ਼ਾਂ ’ਤੇ ਆਧਾਰਤ ਰਿਪੋਰਟ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕਰ ਦਿੱਤੀ ਗਈ ਹੈ।
ਸੰਸਦੀ ਕਮੇਟੀ ਦੀ ਚੇਅਰ ਸਲਮਾ ਜ਼ਾਹਿਦ ਨੇ ਬੀਤੀ 13 ਮਈ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਇਸ ਦੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਕੈਨੇਡੀਅਨ ਇੰਮੀਗ੍ਰੇਸ਼ਨ ਦੀਆਂ ਤਿੰਨ ਸ਼੍ਰੇਣੀਆਂ ’ਤੇ ਚਾਨਣਾ ਪਾਇਆ ਗਿਆ, ਜਿਨ੍ਹਾਂ ਵਿੱਚ ਇਕਨਾਮਿਕ, ਫੈਮਲੀ ਅਤੇ ਰਫਿਊਜੀ ਸ਼ੇ੍ਰਣੀਆਂ ਸ਼ਾਮਲ ਹਨ। ਇਹ ਰਿਪੋਰਟ ਪ੍ਰਵਾਸੀਆਂ, ਹਿੱਤ ਸਮੂਹਾਂ, ਵਕੀਲਾਂ ਅਤੇ ਹਿੱਤ ਧਾਰਕਾਂ ਦੇ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਬਾਅਦ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਦੀ ਸਟੈਂਡਿੰਗ ਕਮੇਟੀ ਵੱਲੋਂ ਕੀਤੀ ਗਈ ਖੋਜ ਦਾ ਨਤੀਜਾ ਹੈ।
ਇਸ ਸੰਸਦੀ ਕਮੇਟੀ ਵਿੱਚ ਕੈਨੇਡਾ ਦੇ ਉਹ ਸੰਸਦ ਮੈਂਬਰ ਸ਼ਾਮਲ ਹਨ, ਜਿਨ੍ਹਾਂ ਦੀ ਅਧਿਕਾਰਕ ਤੌਰ ’ਤੇ ਚੋਣ ਕੀਤੀ ਗਈ ਹੈ। ਇਸ ਕਮੇਟੀ ਵਿੱਚ ਹਰ ਵੱਡੀ ਸਿਆਸੀ ਪਾਰਟੀ ਦਾ ਘੱਟੋ-ਘੱਟ ਇੱਕ ਮੈਂਬਰ ਜ਼ਰੂਰ ਸ਼ਾਮਲ ਹੁੰਦਾ ਹੈ। ਉਨ੍ਹਾਂ ਦਾ ਮਕਸਦ ਇੰਮੀਗ੍ਰੇਸ਼ਨ ਅਤੇ ਬਹੁਸੱਭਿਆਚਾਰਕਤਾ ਨਾਲ ਸਬੰਧਤ ਫੈਡਰਲ ਨੀਤੀ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਇੰਮੀਗ੍ਰੇਸ਼ਨ ਵਿਭਾਗ ਅਤੇ ਰਫਿਊਜੀ ਬੋਰਡ ਦੀ ਨਿਗਰਾਨੀ ਕਰਨਾ ਵੀ ਹੈ।
ਸੰਸਦੀ ਕਮੇਟੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਚ ਐਪਲੀਕੇਸ਼ਨ ਬੈਕਲੌਗ, ਪਰਿਵਾਰਾਂ ਦੇ ਮੁੜ ਵਸੇਬੇ ’ਚ ਆਉਣ ਵਾਲੀਆਂ ਰੁਕਾਵਟਾਂ, ਯਾਤਰਾ ਬੰਦਸ਼ਾਂ ਤੇ ਹੋਰ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਘੱਟਗਿਣਤੀ ਲਿਬਰਲ ਸਰਕਾਰ ਕੋਲ ਇਸ ਰਿਪੋਰਟ ’ਤੇ ਪ੍ਰਤੀਕਿਰਿਆ ਦੇਣ ਲਈ 120 ਦਿਨ ਦਾ ਸਮਾਂ ਹੈ, ਹਾਲਾਂਕਿ ਸਰਕਾਰ ’ਤੇ ਇਹ ਦਬਾਅ ਨਹੀਂ ਪਾਇਆ ਜਾ ਸਕਦਾ ਕਿ ਉਹ ਆਪਣੀਆਂ ਨੀਤੀਆਂ ’ਚ ਬਦਲਾਅ ਕਰੇ।