ਨਵੀਂ ਦਿੱਲੀ (ਏਜੰਸੀਆਂ): ਆਲਮੀ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੀ ਦੂਜੀ ਲਹਿਰ ਕਾਰਨ ਉਡਾਣਾਂ ਦੀ ਗਿਣਤੀ ’ਚ ਕਾਫੀ ਕਮੀ ਆਉਣ ਕਾਰਨ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਟੀ-2 ਟਰਮੀਨਲ ਨੂੰ ਸੋਮਵਾਰ ਅੱਧੀ ਰਾਤ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ ਸੋਮਵਾਰ ਅੱਧੀ ਰਾਤ ਤੋਂ ਸਾਰੀਆਂ ਉਡਾਣਾਂ ਟਰਮੀਨਲ ਟੀ-3 ਤੋਂ ਹੀ ਸੰਚਾਲਤ ਹੋਣਗੀਆਂ। ਦਿੱਲੀ ਹਵਾਈ ਅੱਡੇ ਨੇ ਇਹ ਫ਼ੈਸਲਾ ਅਜਿਹੇ ਸਮੇਂ ਵਿਚ ਲਿਆ ਹੈ, ਜਦੋਂ ਭਾਰਤ ਅਤੇ ਇੱਥੋਂ ਦੇ ਹਵਾਬਾਜ਼ੀ ਖੇਤਰ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹਨ।
ਸੂਤਰਾਂ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਦਿੱਲੀ ਦੇ ਹਵਾਈ ਅੱਡੇ ’ਤੇ ਰੋਜ਼ਾਨਾ ਕਰੀਬ 325 ਜਹਾਜ਼ ਹੀ ਉਡਾਣ ਭਰ ਰਹੇ ਹਨ। ਮਹਾਂਮਾਰੀ ਦੀ ਮਾਰ ਤੋਂ ਪਹਿਲਾਂ ਇੱਥੇ ਰੋਜ਼ਾਨਾ 1500 ਜਹਾਜ਼ ਉਡਾਣ ਭਰਦੇ ਸਨ। ਫ਼ਰਵਰੀ ਮਹੀਨੇ ਦਿੱਲੀ ਹਵਾਈ ਅੱਡੇ ’ਤੇ ਰੋਜ਼ਾਨਾ ਯਾਤਰੀਆਂ ਦੀ ਔਸਤ ਗਿਣਤੀ ਕਰੀਬ 1.15 ਲੱਖ ਸੀ, ਜੋ ਮਹਾਂਮਾਰੀ ਦੀ ਦੂਜੀ ਲਹਿਰ ਵਿਚ ਘੱਟ ਕੇ ਰੋਜ਼ਾਨਾ 30, 000 ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਵਿਡ-19 ਦੇ 2, 81, 386 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ’ਚ ਪੀੜਤਾਂ ਦੀ ਗਿਣਤੀ ਵਧ ਕੇ 2, 49, 65, 463 ਹੋ ਗਈ ਹੈ। ਵਾਇਰਸ ਕਾਰਨ 4106 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦਾ ਅੰਕੜਾ 2, 74, 390 ਹੋ ਚੁਕਾ ਹੈ।