ਬਹਿਰਾਈਚ (ਉੱਤਰ ਪ੍ਰਦੇਸ਼) : ਕੁਵੈਤ ਵਿਚ ਚੰਗੀ ਨੌਕਰੀ ਦਾ ਝਾਂਸਾ ਦੇ ਕੇ ਨੇਪਾਲ ਤੋਂ ਬੁਲਾਈਆਂ ਗਈਆਂ 5 ਕੁੜੀਆਂ ਨੂੰ ਭਾਰਤ-ਨੇਪਾਲ ਦੀ ਸਰਹੱਦ ਰੂਪਈਡੀਹਾ 'ਚ ਮੁਕਤ ਕਰਵਾ ਲਿਆ ਗਿਆ।
ਹਥਿਆਰਬੰਦ ਸਰਹੱਦ ਫ਼ੋਰਸ (ਐਸਐਸਬੀ) ਦੇ ਡਿਪਟੀ ਕਮਾਂਡੈਂਟ ਸ਼ੈਲੇਸ਼ ਕੁਮਾਰ ਨੇ ਦਸਿਆ ਕਿ ਸ਼ੁਕਰਵਾਰ ਨੂੰ ਨੇਪਾਲੀ ਸੰਸਥਾ 'ਟਾਇਨੀ ਹੈਂਡਸ' ਵਲੋਂ ਮਨੁੱਖੀ ਤਸਕਰੀ ਦੀ ਸੂਚਨਾ ਦਿਤੇ ਜਾਣ ਤੋਂ ਬਾਅਦ ਸਰਹੱਦ 'ਤੇ ਚੌਕਸੀ ਵਰਤੀ ਜਾ ਰਹੀ ਸੀ। ਇਸ ਦੌਰਾਨ ਭਾਰਤੀ ਖੇਤਰ 'ਚ ਇਕ ਥਾਂ 'ਤੇ ਕਿਸੇ ਦੀ ਉਡੀਕ ਕਰ ਰਹੀਆਂ 5 ਨੇਪਾਲੀ ਕੁੜੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਨੇਪਾਲ ਦੇ ਚਿਤਵਨ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਹਨ ਅਤੇ ਉਨ੍ਹਾਂ ਨੂੰ ਨੇਪਾਲ ਦੇ ਡਾਂਗ ਦਾ ਵਾਸੀ ਦੀਪਕ ਖੱਤਰੀ ਨਾਮੀ ਵਿਅਕਤੀ ਲਿਆਇਆ ਹੈ।
ਕੁਮਾਰ ਨੇ ਦਸਿਆ ਕਿ ਜਾਂਚ ਪੜਤਾਲ ਵਿਚ ਪਤਾ ਲੱਗਾ ਕਿ ਦੀਪਕ ਕੁੜੀਆਂ ਨੂੰ ਰੂਪਈਹੀਡਾ ਸਰਹੱਦ ਤੋਂ ਦਿੱਲੀ ਹੁੰਦੇ ਹੋਏ ਖਾੜੀ ਦੇਸ਼ ਕੁਵੈਤ ਭੇਜਣ ਲਈ ਲਿਆਇਆ ਸੀ। ਦਿੱਲੀ ਵਿਚ ਇਕ ਏਜੰਟ ਵਲੋਂ ਕੁੜੀਆਂ ਨੂੰ ਪਾਸਪੋਰਟ ਅਤੇ ਵੀਜ਼ਾ ਦੇਣ ਦੀ ਗੱਲ ਆਖੀ ਗਈ ਸੀ। ਕੁੜੀਆਂ ਨੂੰ ਕੁਵੈਤ ਵਿਚ ਮੋਟੀ ਤਨਖ਼ਾਹ 'ਤੇ ਨੌਕਰੀ ਅਤੇ ਵਾਧੂ ਪੈਸੇ ਦੇਣ ਦਾ ਲਾਲਚ ਦਿੱਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਹਥਿਆਰਬੰਦ ਸਰਹੱਦ ਫ਼ੋਰਸ ਵਲੋਂ ਖੋਜਬੀਨ ਦੇ ਬਾਵਜੂਦ ਉਨ੍ਹਾਂ ਨੂੰ ਲਿਆਉਣ ਵਾਲਾ ਨੇਪਾਲੀ ਮਨੁੱਖੀ ਤਸਕਰ ਦੀਪਕ ਖੱਤਰੀ ਨਹੀਂ ਮਿਲ ਸਕਿਆ। ਨੇਪਾਲ ਪੁਲਿਸ ਦੀ ਮੌਜੂਦਗੀ ਵਿਚ ਲੜਕੀਆਂ ਦੀ ਕਾਉਂਸਲਿੰਗ ਕਰ ਕੇ ਉਨ੍ਹਾਂ ਨੂੰ ਨੇਪਾਲੀ ਸੰਸਥਾ 'ਟਾਇਨੀ ਹੈਂਡਸ' ਦੇ ਹਵਾਲੇ ਕਰ ਦਿਤਾ ਗਿਆ। ਇਹ ਸੰਸਥਾ ਕੁੜੀਆਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਏਗੀ।