ਅੰਮ੍ਰਿਤਸਰ (ਏਜੰਸੀਆਂ) : ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਅੱਜ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਅਣਪਛਾਤੇ ਨੌਜਵਾਨ ਵਲੋਂ ਐਸ.ਜੀ. ਇਨਕਲੇਵ ਨੇੜੇ ਇਕ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਕਤਲ ਦੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਕੁੜੀ ਦੀ ਲਾਸ਼ ’ਤੇ ਹੀ ਪਿਸਤੌਲ ਰੱਖ ਦਿਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੇ ਪਨਡੋਰੀ ਇਲਾਕੇ ਦਾ ਹੈ। ਮ੍ਰਿਤਕ ਗੰਡਾ ਸਿੰਘ ਕਾਲੋਨੀ ਦੀ ਰਹਿਣ ਵਾਲੀ ਸੀ ਪਰ ਉਸ ਦੀ ਲਾਸ਼ ਪਨਡੋਰੀ ਇਲਾਕੇ ’ਚੋਂ ਬਰਾਮਦ ਹੋਈ ਹੈ। ਕਤਲ ਦੀ ਇਸ ਘਟਨਾ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਪਤਾ ਲੱਗਾ ਹੈ ਕਿ ਕੁੜੀ ਫ਼ੇਸ਼ੀਅਲ ਕਰਾਉਣ ਵਾਸਤੇ ਪਾਰਲਰ ’ਚ ਗਈ ਸੀ, ਜਿਸ ਦੌਰਾਨ ਨੌਜਵਾਨ ਨੇ ਉਸ ਨੂੰ ਗੋਲੀ ਮਾਰ ਦਿਤੀ।
ਦੂਜੇ ਪਾਸੇ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤਾ।