ਬੀਜਿੰਗ : ਪਹਿਲਾਂ ਚੀਨ ਨੇ ਬੰਗਲਾਦੇਸ਼ ਨੂੰ ਚਿਤਾਵਨੀ ਦਿੱਤੀ ਤੇ ਹੁਣ ਚੀਨ ਨੇ ਆਸਟ੍ਰੇਲੀਆ ਨੂੰ ਬੈਲਿਸਟਿਕ ਮਿਜ਼ਾਇਲ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ ਹੈ। ਚੀਨੀ ਮੀਡੀਆ ਗਲੋਬਲ ਟਾਈਮਜ ਨੇ ਆਸਟ੍ਰੇਲੀਆ ਨੂੰ ਬੈਲਿਸਟਿਕ ਮਿਜ਼ਾਇਲ ਦਾ ਡਰਾਵਾ ਦਿੱਤਾ ਹੈ। ਗਲੋਬਲ ਟਾਈਮਜ਼ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਜੇਕਰ ਆਸਟ੍ਰੇਲੀਆ ਨੇ ਤਾਇਵਾਨ ਦੇ ਮੁੱਦੇ ’ਤੇ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਚੀਨ ਦੀ ਬੈਲਿਸਟਿਕ ਮਿਜ਼ਾਇਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਜਾਣਕਾਰੀ ਮੁਤਾਬਕ ਤਾਇਵਾਨ ਨੂੰ ਲਗਾਤਾਰ ਮਿਲ ਰਹੇ ਅੰਤਰਰਾਸ਼ਟਰੀ ਸਮਰਥਨ ਤੋਂ ਚੀਨ ਬੌਖਲਾਇਆ ਹੋਇਆ ਹੈ। ਇਸ ਨੂੰ ਗਲੋਬਲ ਟਾਈਮਜ਼ ਨੇ ਆਪਣੀ ਵੈਬਸਾਈਟ ਸੰਪਾਦਕੀ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਨੀਵਾਰ ਨੂੰ ਗਲੋਬਲ ਟਾਈਮਜ਼ ਦੇ ਸੰਪਾਦਕ ਹੂ ਸ਼ਿਨ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਚੀਨ ਨੂੰ ਆਸਟ੍ਰੇਲੀਆ ਦਾ ਮੂੰਹ ਬੰਦ ਕਰਨ ਲਈ ਇਕ ਨਿਸ਼ਚਿਤ ਯੋਜਨਾ ਬਣਾਉਣ ਦੀ ਲੋੜ ਹੈ। ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਚੀਨ ਨੂੰ ਆਸਟ੍ਰੇਲੀਆ ਨੂੰ ਆਪਣੀ ਲੰਬੀ ਦੂਰੀ ਤੱਕ ਨਿਸ਼ਾਨਾ ਬਣਾਉਣ ਵਲੀ ਬੈਲਿਸਟਿਕ ਮਿਜ਼ਾਇਲ ਤੋਂ ਜਵਾਬ ਦੇਣਾ ਚਾਹੀਦਾ ਹੈ ਜੇਕਰ ਆਸਟ੍ਰੇਲੀਆ ਤਾਇਵਾਨ ਨੂੰ ਲੈਕੇ ਆਪਣੀ ਮਿਲਟਰੀ ਆਪਰੇਸ਼ਨ ’ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੰਪਾਦਕੀ ਵਿਚ ਅੱਗੇ ਲਿਖਿਆ ਗਿਆ ਕਿ ਮੈਂ ਚੀਨ ਨੂੰ ਸਲਾਹ ਦੇਣਾ ਚਾਹੁੰਦਾ ਹਾਂ ਕਿ ਆਸਟ੍ਰੇਲੀਆ ਨੂੰ ਸਜ਼ਾ ਦੇਣ ਲਈ ਚੀਨ ਨੂੰ ਇਕ ਨਵੀਂ ਯੋਜਨਾ ਬਣਾਉਣੀ ਚਾਹੀਦੀ ਹੈ। ਜੇਕਰ ਆਸਟ੍ਰੇਲੀਆ ਤਾਇਵਾਨ ਸਟ੍ਰੇਟ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ।
ਸੰਪਾਦਕ ਹੂ ਨੇ ਲਿਖਿਆ ਹੈ ਕਿ ਜੇਕਰ ਆਸਟ੍ਰੇਲੀਆ ਤਾਇਵਾਨ ਨੂੰ ਮਦਦ ਦੇਣ ਲਈ ਆਪਣੀ ਮਿਲਟਰੀ ਨੂੰ ਚੀਨ ਦੀ ਸੈਨਾ ਪੀ.ਐੱਲ.ਏ. ਖ਼ਿਲਾਫ਼ ਭੇਜਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਚੀਨ ਨੂੰ ਆਸਟ੍ਰੇਲੀਆ ਦੇ ਮਿਲਟਰੀ ਠਿਕਾਣਿਆਂ ’ਤੇ ਬੈਲਿਸਟਿਕ ਮਿਜ਼ਾਇਲ ਨਾਲ ਹਮਲਾ ਕਰ ਦੇਣਾ ਚਾਹੀਦਾ ਹੈ। ਸੰਪਾਦਕ ਮੁਤਾਬਕ ਚੀਨ ਕੋਲ ਕਾਫੀ ਮਜ਼ਬੂਤ ਉਤਪਾਦਨ ਸਮਰੱਥਾ ਹੈ ਜਿਸ ਵਿਚ ਨਵੇਂ ਸਿਰੇ ਤੋਂ ਲੰਬੀ ਦੂਰੀ ਤੱਕ ਨਿਸ਼ਾਨਾ ਬਣਾਉਣ ਵਾਲੀ ਬੈਲਿਸਟਿਕ ਮਿਜ਼ਾਇਲ ਵੀ ਸ਼ਾਮਲ ਹੈ। ਅਸਲ ਵਿਚ ਆਸਟ੍ਰੇਲੀਆ ਨੂੰ ਲੈ ਕੇ ਚੀਨ ਕਾਫੀ ਬੌਖਲਾਇਆ ਹੋਇਆ ਹੈ ਕਿਉਂਕਿ ਆਸਟ੍ਰੇਲੀਆ ਅਤੇ ਜਾਪਾਨ ਅਚਾਨਕ ਚੀਨ ’ਤੇ ਕਾਫੀ ਜ਼ਿਆਦਾ ਹਮਲਾਵਰ ਹੋ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਤੱਕ ਆਸਟ੍ਰੇਲੀਆ ਅਤੇ ਜਾਪਾਨ ਸਿੱਧੇ ਤੌਰ ’ਤੇ ਚੀਨ ਦਾ ਨਾਮ ਨਹੀਂ ਸਨ ਲੈ ਰਹੇ ਪਰ ਹੁਣ ਉਹ ਦੋਵੇਂ ਸਿੱਧੇ ਚੀਨ ਖ਼ਿਲਾਫ਼ ਬੋਲ ਰਹੇ ਹਨ।
ਚੀਨ ਇਸ ਲਈ ਵੀ ਬੌਖਲਾਇਆ ਹੋਇਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਮਾਈਕ ਏਜੇਲੋ ਨੇ ਬਿਨਾਂ ਚੀਨ ਦਾ ਨਾਮ ਲਏ ਕਿਹਾ ਸੀ ਕਿ ਯੁੱਧ ਦਾ ਨਗਾੜਾ ਵੱਜ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਨਿਊਜ਼ ਏਜੰਸੀ ਸੀ.ਐੱਨ.ਐੱਨ.ਨੇ ਪਿਛਲੇ ਹਫ਼ਤੇ ਆਪਣੀ ਇਕ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਖ਼ਿਲਾਫ਼ ਆਸਟ੍ਰੇਲੀਆ ਨੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਆਸਟ੍ਰੇਲੀਆ ਖਤਰਨਾਕ ਹਥਿਆਰ, ਮਿਜ਼ਾਇਲ, ਜੰਗੀ ਜਹਾਜ਼, ਜੰਗੀ ਸਾਮਾਨ ਬਣਾਉਣ ਵਿਚ ਜੁਟ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਇਹ ਮੰਨ ਕੇ ਚੱਲ ਰਿਹਾ ਹੈ ਆਉਣ ਵਾਲੇ ਕੁਝ ਸਾਲਾਂ ਵਿਚ ਚੀਨ ਨਾਲ ਉਸ ਦਾ ਯੁੱਧ ਹੋਣ ਵਾਲਾ ਹੈ ਲਿਹਾਜਾ ਚੀਨ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉੱਥੇ ਪਿਛਲੇ ਮਹੀਨੇ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਸੀਕਿ ਤਾਇਵਾਨ ਨੂੰ ਲੈਕੇ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਯੁੱਧ ਦੀ ਸੰਭਾਵਨਾ ਬਣ ਰਹੀ ਹੈ। ਉੱਥੇ ਆਸਟ੍ਰੇਲੀਆ ਨੇ ਪਿਛਲੇ 15 ਦਿਨਾਂ ਵਿਚ ਚੀਨ ਦੇ ਕਈ ਵੱਡੇ ਪ੍ਰਾਜੈਕਟ ਰੱਦ ਕਰ ਦਿੱਤੇ ਹਨ ਜਿਸ ਮਗਰੋਂ ਚੀਨ ਨੇ ਵੀ ਆਸਟ੍ਰੇਲੀਆ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ।