ਵਾਸ਼ਿੰਗਟਨ : ਹੁਣ ਅਮਰੀਕਾ 'ਚ ਬੱਚਿਆਂ ਨੂੰ ਵੀ ਕੋਰੋਨਾ ਦੀ ਵੈਕਸੀਨ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ (FDA) ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ (Pfizer-BioNTech Covid-19 Vaccine) ਨੂੰ 12 ਤੋਂ 15 ਸਾਲ ਦੇ ਬੱਚਿਆਂ 'ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਸਰੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮਾਹਿਰਾਂ ਦੀ ਮੰਨੀਏ ਤਾਂ ਭਾਰਤ 'ਚ ਕੋਰੋਨਾ ਦੀ ਤੀਸਰੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਅਜਿਹੇ ਵਿਚ ਐੱਫਡੀਏ ਵੱਲੋਂ ਉਠਾਇਆ ਗਿਆ ਕਦਮ ਕਾਫੀ ਅਹਿਮ ਹੈ।
ਅਮਰੀਕਾ ਨੇ ਕੋਰੋਨਾ ਵਾਇਰਸ ਖਿਲਾਫ ਜਾਰੀ ਜੰਗ ਵਿਚ ਇਸ ਨੂੰ ਇਕ ਮਹੱਤਵਪੂਰਨ ਫ਼ੈਸਲਾ ਦੱਸਦੇ ਹੋਏ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ। ਐੱਫਡੀਏ ਦੇ ਤਾਇਨਾਤ ਕਮਿਸ਼ਨਰ ਡਾਕਟਰ ਜੈਨੇਟ ਵੁੱਡਕਾਕ ਨੇ ਕਿਹਾ, 'ਵੈਕਸੀਨ ਦੇ ਇਸਤੇਮਾਲ ਸਬੰਧੀ ਲਿਆ ਗਿਆ ਇਹ ਫ਼ੈਸਲਾ ਸਾਨੂੰ ਆਮ ਸਥਿਤੀ 'ਚ ਵਾਪਸੀ ਨੇੜੇ ਲਿਆਵੇਗਾ। ਮਾਤਾ-ਪਿਤਾ ਤੇ ਮਾਪੇ ਇਸ ਗੱਲ ਲਈ ਆਸਵੰਦ ਹੋ ਸਕਦੇ ਹਨ ਕਿ ਏਜੰਸੀ ਨੇ ਸਾਰੇ ਉਪਲਬਧ ਡਾਟਾ ਦੀ ਡੂੰਘੀ ਸਮੀਖਿਆ ਕੀਤੀ ਹੈ।'