ਗਲਾਸਗੋ (ਏਜੰਸੀਆਂ) : ਸਕਾਟਲੈਂਡ ਵਿਚ ਸਕਾਟਿਸ਼ ਪਾਰਲੀਮੈਂਟ ਚੋਣਾਂ ਵਿਚ ਸਿੱਖ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਵੱਲੋਂ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕੀਤੀ ਗਈ ਹੈ। ਉਹ ਹੁਣ ਸਕਾਟਲੈਂਡ ਵਿਚ ਹੁਣ ਤਕ ਦੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾਉਣ ਵਿਚ ਸਫਲ ਹੋਈ ਹੈ ਜਿਸ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।
ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ। ਉਨ੍ਹਾਂ ਨੇ ਰਾਜਨੀਤੀ ਦੀ ਦੁਨੀਆ ਵਿਚ ਕਦਮ ਉਸ ਵੇਲੇ ਰੱਖਿਆ ਜਦੋਂ ਉਹ ਸਕਾਟਿਸ਼ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟ ਡਨਬਰਟਨਸਾਇਰ ਲਈ ਸੰਸਦ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ। ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਤ ਨੀਤੀਆਂ ‘ਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿਚ ਤੀਹ ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ।