ਵਾਸ਼ਿੰਗਟਨ : ਅਮਰੀਕਾ ਦੀ ਸਭ ਤੋਂ ਵੱਡੀ ਤੇਲ ਪਾਈਪਲਾਈਨ ’ਤੇ ਹੋਏ ਹਮਲੇ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਜਿਸ ਕੋਲੋਨਿਅਲ ਪਾਈਪਲਾਈਨ ਕੰਪਨੀ ’ਤੇ ਹਮਲਾ ਹੋਇਆ ਹੈ, ਉਹ ਰੋਜ਼ਾਨਾ 25 ਲੱਖ ਬੈਰਲ ਤੇਲ ਸਪਲਾਈ ਕਰਦੀ ਹੈ। ਇੱਥੋਂ ਪਾਈਪਲਾਈਨ ਦੇ ਜ਼ਰੀਏ ਅਮਰੀਕਾ ਦੇ ਪੂਰਵੀ ਤਟ ਦੇ ਕੰਢੇ ਵਸੇ ਰਾਜਾਂ ਵਿਚ ਪੈਟਰੋਲ, ਡੀਜ਼ਲ ਅਤੇ ਦੂਜੇ ਗੈਸਾਂ ਦੀ ਸਪਲਾਈ ਕੀਤੀ ਜਾਂਦੀ ਹੈ।
ਹੈਕਰਸ ਨੇ ਇਸ ਪਾਈਪਲਾਈਨ ਦੀ ਸਾਈਬਰ ਸਕਿਓਰਿਟੀ ’ਤੇ ਸ਼ੁੱਕਰਵਾਰ ਨੁੂੰ ਹਮਲਾ ਕੀਤਾ ਸੀ, ਜਿਸ ਨੂੰ ਅਜੇ ਤੱਕ ਰਿਕਵਰ ਨਹੀਂ ਕੀਤਾ ਜਾ ਸਕਿਆ। ਲਿਹਾਜ਼ਾ ਰਿਕਵਰੀ ਟੈਂਕਰਸ ਦੇ ਜ਼ਰੀਏ ਤੇਲ ਅਤੇ ਗੈਸ ਦੀ ਸਪਲਾਈ ਨਿਊਯਾਰਕ ਤੱਕ ਕੀਤੀ ਜਾ ਰਹੀ ਹੈ। ਸਾਈਬਰ ਹਮਲੇ ਦਾ ਅਸਰ ਅਟਲਾਂਟਾ ਅਤੇ ਟੈਨੇਸੀ ’ਤੇ ਸਭ ਤੋਂ ਜ਼ਿਆਦਾ ਪਵੇਗਾ।
ਕੁਝ ਸਮੇਂ ਬਾਅਦ ਨਿਊਯਾਰਕ ਤੱਕ ਵੀ ਅਸਰ ਦਿਖ ਸਕਦਾ ਹੈ। ਐਤਵਾਰ ਰਾਤ ਤੱਕ ਕੰਪਨੀ ਦੀ 4 ਮੇਨ ਲਾਈਨਾਂ ਠੱਪ ਪਈਆਂ ਸਨ। ਹਮਲੇ ਦਾ ਪਤਾ ਚਲਣ ਤੋਂ ਬਾਅਦ ਕੰਪਨੀ ਨੇ ਅਪਣੀ ਕੁਝ ਲਾਈਨਾਂ ਕੱਟ ਦਿੱਤੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਕੰਪਨੀ ਦੇ ਜ਼ਿਆਦਾਤਰ ਇੰਜੀਨੀਅਰ ਘਰ ਤੋਂ ਕੰਮ ਕਰ ਰਹੇ ਹਨ, ਇਸ ਲਈ ਹੈਕਰ ਅਸਾਨੀ ਨਾਲ ਇੰਨੇ ਵੱਡੇ ਹਮਲੇ ਨੂੰ ਅੰਜਾਮ ਦੇਣ ਵਿਚ ਸਫਲ ਹੋ ਗਏ। ਸਾਈਬਰ ਹਮਲੇ ਦੇ ਕਾਰਨ ਕੌਮਾਂਤਰੀ ਪੱਧਰ ’ਤੇ ਤੇਲ ਦੀ ਕੀਮਤਾਂ 2 ਤੋਂ 3 ਪ੍ਰਤੀਸ਼ਤ ਤੱਕ ਵੱਧ ਸਕਦੀਆਂ ਹਨ। ਇਸ ਨੂੰ ਛੇਤੀ ਨਹੀਂ ਸੁਧਾਰਿਆ ਤਾਂ ਕੀਮਤਾਂ ਵਿਚ ਜ਼ਿਆਦਾ ਵਾਧਾ ਵੀ ਹੋ ਸਕਦਾ ਹੈ।
ਇਸ ਸਾਈਬਰ ਹਮਲੇ ਦਾ ਦੋਸ਼ ਡਾਰਕਸਾਈਡ ਨਾਂ ਦੀ ਸਾਈਬਰ ਅਪਰਾਧੀਆਂ ਦੀ ਗੈਂਗ ’ਤੇ ਲੱਗ ਰਿਹਾ। ਇਨ੍ਹਾਂ ਨੇ ਕੋਲੋਨਿਅਲ ਕੰਪਨੀ ਦੇ ਨੈਟਵਰਕ ਨੂੰ ਹੈਕ ਕਰ ਲਿਆ ਅਤੇ ਕਰੀਬ 100ਜੀਬੀ ਡਾਟਾ ਚੋਰੀ ਕਰ ਲਿਆ। ਹੈਕਰਸ ਨੇ ਕੁਝ ਕੰਪਿਊਟਰਾਂ ਨੂੰ ਲੌਕ ਕਰਕੇ ਫਿਰੌਤੀ ਵੀ ਮੰਗੀ ਹੈ। ਫਿਰੌਤੀ ਨਾ ਮਿਲਣ ’ਤੇ ਡਾਟਾ ਨੂੰ ਇੰਟਰਨੈਟ ’ਤੇ ਲੀਕ ਕਰਨ ਦੀ ਧਮਕੀ ਦਿੱਤੀ ਹੈ।