ਚੰਡੀਗੜ੍ਹ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਇੰਟਰਨਲ ਅਸੈੱਸਮੈਂਟ ਦੇ ਆਧਾਰ ’ਤੇ ਤਿਆਰ ਕੀਤਾ ਜਾਵੇਗਾ। ਜੋ ਵਿਦਿਆਰਥੀ ਇਸ ਜ਼ਰੀਏ ਮਿਲੇ ਨੰਬਰਾਂ ਤੋਂ ਖੁਸ਼ ਨਹੀਂ ਹੋਣਗੇ, ਉਨ੍ਹਾਂ ਨੂੰ ਪ੍ਰੀਖਿਆ ਦੇ ਕੇ ਅੰਕ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਸੀ. ਬੀ. ਐੱਸ. ਈ. ਸਕੂਲ ਹੁਣ ਖ਼ੁਦ ਦੀ ਮੁੱਲਾਂਕਣ ਕਮੇਟੀ ਨਾਲ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨਗੇ। ਜੇਕਰ ਕਈ ਵਿਦਿਆਰਥੀ ਅਸਫ਼ਲ ਹੋ ਜਾਂਦੇ ਹਨ ਤਾਂ ਉਨ੍ਹਾਂ ਕੋਲ ਕੰਪਾਰਟਮੈਂਟਲ ਪ੍ਰੀਖਿਆ ਦੇਣ ਦਾ ਬਦਲ ਹੋਵੇਗਾ। ਇਸ ਦੀ ਸੂਚਨਾ ਬੋਰਡ ਨੇ ਆਪਣੀ ਅਧਿਕਾਰਕ ਵੈੱਬਸਾਈਟ ’ਤੇ ਨੋਟਿਸ ਜਾਰੀ ਕਰ ਕੇ ਦਿੱਤੀ ਹੈ।
ਕੰਪਾਰਟਮੈਂਟਲ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਇਸ ਸਾਲ ਪ੍ਰਸ਼ਨ ਪੱਤਰ ਸਕੂਲ ਨੂੰ ਹੀ ਤਿਆਰ ਕਰਨਾ ਪਵੇਗਾ। ਸਕੂਲਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਕੰਪਾਰਟਮੈਂਟ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਸਕੂਲਾਂ ਨੂੰ ਸੀ. ਬੀ. ਐੱਸ. ਈ. ਦੇ ਸੈਂਪਲ ਪੇਪਰ ਦੇ ਆਧਾਰ ’ਤੇ ਤਿਆਰ ਕਰਨਾ ਹੋਵੇਗਾ। ਨਾਲ ਹੀ ਪ੍ਰਸ਼ਨਾਂ ਦੇ ਪੱਧਰ ਦਾ ਵੀ ਧਿਆਨ ਰੱਖਣਾ ਹੋਵੇਗਾ। ਕੰਪਾਰਟਮੈਂਟ ਪ੍ਰੀਖਿਆ ਦੇ ਆਯੋਜਨ ਨਾਲ ਪਹਿਲਾ ਪ੍ਰਸ਼ਨ ਪੱਤਰ ਦੀ ਕਾਪੀ ਸੀ. ਬੀ. ਐੱਸ. ਈ. ਨੂੰ ਭੇਜਣੀ ਹੋਵੇਗੀ। ਪ੍ਰਸ਼ਨ-ਪੱਤਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੰਪਾਰਟਮੈਂਟ ਪ੍ਰੀਖਿਆ ਹੋਵੇਗੀ।