Tuesday, November 12, 2024
 

ਚੰਡੀਗੜ੍ਹ / ਮੋਹਾਲੀ

ਰਾਣਾ ਸੋਢੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ ਦਰਸਾਉਂਦੀ ਕਾਫ਼ੀ ਟੇਬਲ ਕਿਤਾਬ ਰਿਲੀਜ਼

May 05, 2021 09:57 PM
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ ਨੂੰ ਦਰਸਾਉਂਦੀ ਕਾਫ਼ੀ ਟੇਬਲ ਕਿਤਾਬ ਜਾਰੀ ਕੀਤੀ।
ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਇਹ ਕਿਤਾਬ ਅਜਿਹੇ ਸਮੇਂ ਹੋਰ ਵੀ ਅਹਿਮੀਅਤ ਰੱਖਦੀ ਹੈ, ਜਦੋਂ ਅਸੀਂ ਨੌਵੇਂ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ “ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ” ਸਿਰਲੇਖ ਵਾਲੀ ਇਸ ਕਿਤਾਬ ਵਿੱਚ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਬੇਮਿਸਾਲ ਸ਼ਹਾਦਤ ਤੱਕ ਦੀ ਪਾਵਨ ਯਾਤਰਾ ਨੂੰ ਦ੍ਰਿਸ਼ਮਾਨ ਕੀਤਾ ਗਿਆ ਹੈ।
ਖੇਡ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਧਾਰਮਿਕ ਸਹਿਣਸ਼ੀਲਤਾ ਤੇ ਆਜ਼ਾਦੀ, ਪ੍ਰੇਮ, ਦਿਆ, ਕੁਰਬਾਨੀ ਅਤੇ ਬਹਾਦਰੀ ਦੀਆਂ ਸਿੱਖਿਆਵਾਂ ਸਮਕਾਲੀ ਸਮੇਂ ਵਿੱਚ, ਜਦੋਂ ਫ਼ਿਰਕੂ ਅਤੇ ਵੰਡ ਪਾਊ ਤਾਕਤਾਂ ਸਮਾਜ ਵਿੱਚ ਫੁੱਟ ਪਾਉਣ ਲਈ ਸਰਗਰਮ ਹੋਣ, ਅਜਿਹੇ ਸਮੇਂ ਬਹੁਤ ਅਹਿਮੀਅਤ ਰੱਖਦੀਆਂ ਹਨ।
ਕੈਬਨਿਟ ਮੰਤਰੀ ਨੇ ਕਿਤਾਬ ਦਾ ਸੰਕਲਨ ਕਰਨ ਵਾਲੇ ਵਕੀਲ ਹਰਪ੍ਰੀਤ ਸੰਧੂ ਅਤੇ ਪ੍ਰੋ. ਐਸ.ਐਸ. ਮਰਵਾਹਾ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਰਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਸ਼ਖ਼ਸੀਅਤ ਨੇ ਸਾਡੇ ਅਮੀਰ ਵਿਰਸੇ 'ਤੇ ਡੂੰਘੇ ਪ੍ਰਭਾਵ ਛੱਡੇ ਹਨ। ਉਨ੍ਹਾਂ ਕਿਹਾ ਕਿ ਕਿਤਾਬ ਬਹੁਤ ਜ਼ਿਆਦਾ ਦਿਲਚਸਪ ਹੈ ਕਿਉਂ ਜੋ ਇਸ ਵਿੱਚ ਸੁਚੱਜੇ ਢੰਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨਾਂ ਦੇ ਚਿੱਤਰ ਪ੍ਰਦਰਸ਼ਿਤ ਕੀਤੇ ਗਏ ਹਨ। 
 

Have something to say? Post your comment

Subscribe