ਮੈਲਬੌਰਨ : ਆਸਟ੍ਰੇਲੀਆ ਸਰਕਾਰ ਨੇ ਭਾਰਤ ਤੋ ਆਉਣ ਵਾਲੇ ਯਾਤਰੀਆਂ ਉਤੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ ਕਿਉਕਿ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਸਥਾਨਕ ਮੀਡੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਆਸਟ੍ਰੇਲੀਆਈ ਨੂੰ ਉਸ ਦੇ ਸਵਦੇਸ਼ ਪਰਤਣ ਦੀ ਕੋਸ਼ਿਸ਼ ਲਈ ਅਪਰਾਧੀ ਕਰਾਰ ਦਿੱਤਾ ਗਿਆ ਹੈ। ਬ੍ਰਿਟੇਨ ਅਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਿਖਰ 'ਤੇ ਪਹੁੰਚਣ ਦੇ ਬਾਵਜੂਦ ਅਜਿਹੀਆਂ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਸਨ। ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾਉਣ ਦਾ ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਰਕਾਰ ਦੇ ਲੋਕਾਂ ਨੇ ਹੀ ਵਿਰੋਧ ਕੀਤਾ ਹੈ।
ਜਾਣਕਾਰੀ ਮੁਤਾਬਕ ਆਸਟ੍ਰੇਲੀਆ ਨੇ 3 ਮਈ ਤੋਂ 14 ਮਈ ਤੱਕ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਨੂੰ ਤੋੜਨ ਜਾਂ ਕਿਸੇ ਹੋਰ ਦੇਸ਼ ਜ਼ਰੀਏ ਚੋਰੀ ਛੁਪੇ ਆਸਟ੍ਰੇਲੀਆ ਪਹੁੰਚਣ ਵਾਲੇ ਯਾਤਰੀਆਂ ਨੂੰ 5 ਸਾਲ ਤੱਕ ਦੀ ਸਜ਼ਾ ਜਾਂ 50 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਸਰਕਾਰ ਦੇ ਇਸ ਫ਼ੈਸਲੇ ਦੇ ਬਾਅਦ ਆਸਟ੍ਰੇਲੀਆ ਵਿਚ ਭਾਰੀ ਹੰਗਾਮਾ ਮਚਿਆ ਹੋਇਆ ਹੈ। ਸਥਾਨਕ ਲੋਕ ਆਸਟ੍ਰੇਲੀਆਈ ਸਰਕਾਰ 'ਤੇ ਨਸਲਵਾਦ ਦਾ ਦੋਸ਼ ਲਗਾ ਰਹੇ ਹਨ।
ਆਸਟ੍ਰੇਲੀਆਈ ਸਰਕਾਰ ਦੀ ਇਹ ਨਵੀਂ ਪਾਬੰਦੀ ਪਿਛਲੇ ਹਫ਼ਤੇ ਦੋ ਆਸਟ੍ਰੇਲੀਆਈ ਖਿਡਾਰੀਆਂ ਦੇ ਦੋਹਾ ਹੁੰਦੇ ਹੋਏ ਮੈਲਬੌਰਨ ਪਹੁੰਚਣ ਦੇ ਬਾਅਦ ਲਗਾਈ ਗਈ ਹੈ। ਅਸਲ ਵਿਚ ਭਾਰਤ ਤੋਂ ਸਿੱਧੀਆਂ ਉਡਾਣਾਂ ਦੇ ਮੁਅੱਤਲ ਹੋਣ ਦੇ ਬਾਅਦ ਇਹ ਦੋਵੇਂ ਕ੍ਰਿਕਟਰ ਕਤਰ ਹੁੰਦੇ ਹੋਏ ਆਸਟ੍ਰੇਲੀਆ ਪਹੁੰਚੇ ਸਨ ਜਿਸ ਮਗਰੋਂ ਆਸਟ੍ਰੇਲੀਆ ਨੇ ਕਿਸੇ ਵੀ ਦੇਸ਼ ਦੇ ਜ਼ਰੀਏ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਦਾ ਐਲਾਨ ਕੀਤਾ। ਭਾਵੇਂ ਉਹ ਆਸਟ੍ਰੇਲੀਆਈ ਨਾਗਰਿਕ ਹੀ ਕਿਉਂ ਨਾ ਹੋਵੇ।