ਕੋਲਕਾਤਾ : ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਬਾਜੀ ਮਾਰਦੀ ਨਜ਼ਰ ਆ ਰਹੀ ਹੈ। ਮਮਤਾ ਬੈਨਰਜੀ ਦੀ ਪਾਰਟੀ ਟੀ. ਐੱਮ. ਸੀ. ਨੇ 200 ਦਾ ਅੰਕੜਾ ਪਾਰ ਕਰ ਲਿਆ ਹੈ। ਜਦਕਿ ਭਾਜਪਾ 80 ਦੇ ਅੰਕੜੇ ਤੱਕ ਸਿਮਟ ਗਈ ਹੈ। ਇਸ ਤੋਂ ਸਾਫ ਹੈ ਮਮਤਾ ਬੈਨਰਜੀ ਤੀਜੀ ਵਾਰ ਬੰਗਾਲ ਦੀ ਮੁੱਖ ਮੰਤਰੀ ਬਣਨ ਜਾ ਰਹੀ ਹੈ। ਦੱਸ ਦੇਈਏ ਕਿ ਸੂਬਾ ਵਿਧਾਨ ਸਭਾ ਦੀਆਂ 294 ਸੀਟਾਂ ’ਚੋਂ 292 ਸੀਟਾਂ ’ਤੇ ਚੋਣਾਂ ਹੋਈਆਂ ਸਨ, ਜਿਨ੍ਹਾਂ ’ਚੋਂ ਤ੍ਰਿਣਮੂਲ ਕਾਂਗਰਸ 208 ਸੀਟਾਂ ’ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਨੇ 80 ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਮਮਤਾ ਬੈਨਰਜੀ ਨੂੰ ਚੁਣਾਵੀ ਜਿੱਤ ’ਤੇ ਵਧਾਈਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਅਰਵਿੰਦ ਕੇਜਰੀਵਾਲ, ਤੇਜਸਵੀ, ਸ਼ਰਦ ਪਵਾਰ, ਜੰਮੂ-ਕਸ਼ਮੀਰ ਦੀ ਨੇਤਾ ਮਹਿਬੂਬਾ ਮੁਫ਼ਤੀ ਨੇ ਮਮਤਾ ਨੂੰ ਵਧਾਈ ਦਿੱਤੀ।
ਦੱਸ ਦੇਈਏ ਕਿ ਪੱਛਮੀ ਬੰਗਾਲ ’ਚ ਕੁੱਲ 294 ਵਿਧਾਨ ਸਭਾ ਸੀਟਾਂ ’ਚੋਂ 292 ਸੀਟਾਂ ’ਚੇ 8 ਪੜਾਵਾਂ ’ਚ ਵੋਟਾਂ ਪਈਆਂ ਸਨ, ਜਦਕਿ ਸ਼ਮਸ਼ੇਰਗੰਜ ਤੇ ਜੰਗੀਪੁਰ ਵਿਧਾਨ ਸਭਾ ਹਲਕੇ ਦੇ 2 ਉਮੀਦਵਾਰਾਂ ਦਾ ਦਿਹਾਂਤ ਹੋਣ ਕਾਰਨ ਉੱਥੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ, ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਤੋਂ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਹਾਵੜਾ ਦੀ ਸ਼ਿਵਪੁਰ ਵਿਧਾਨ ਸਭਾ ਸੀਟ ਤੋਂ ਟੀ. ਐੱਮ. ਸੀ. ਦੇ ਮਨੋਜ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਕ੍ਰਿਕਟਰ ਤੋਂ ਨੇਤਾ ਬਣੇ ਮਨੋਜ ਤਿਵਾੜੀ ਨੇ 32 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।