ਵਾਸ਼ਿੰਗਟਨ : ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਦੀ ਮੱਦਦ ਲਈ ਵੱਖ-ਵੱਖ ਦੇਸ਼ਾਂ ਵੱਲੋਂ ਹੱਥ ਉੱਠ ਰਹੇ ਹਨ। ਡਿਊਲਸ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਰਾਹਤ ਸਮੱਗਰੀ ਲੈ ਕੇ ਰਵਾਨਾ ਹੋ ਚੁੱਕਾ ਹੈ। ਇਸ ਅਮਰੀਕੀ ਜਹਾਜ਼ 'ਚ ਆਕਸੀਜਨ ਸਿਲੰਡਰ, ਟੈੱਸਟ ਕਿੱਟਾਂ ਤੇ ਹੋਰ ਸਮੱਗਰੀ ਹੈ। ਇਸ ਜਹਾਜ਼ ਜ਼ਰੀਏ ਅਮਰੀਕਾ ਮੱਦਦ ਦੀ ਤੀਜੀ ਖੇਪ ਭਾਰਤ ਭੇਜ ਰਿਹਾ ਹੈ। ਇਕ ਹੋਰ ਜਹਾਜ਼ ਮੱਦਦ ਦੀ ਦੂਜੀ ਖੇਪ ਲੈ ਕੇ ਕੁਝ ਦੇਰ ਪਹਿਲਾਂ ਕੈਲੀਫੋਰਨੀਆਂ ਤੋਂ ਰਵਾਨਾ ਹੋਇਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤਕ ਭਾਰਤ ਨੂੰ ਅਮਰੀਕਾ ਤੋਂ ਰਾਹਤ ਸਮੱਗਰੀ ਭੇਜਣ ਦਾ ਸਿਲਸਿਲਾ ਜਾਰੀ ਰਹੇਗਾ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਦੀਆਂ ਲੋੜਾਂ ਨੂੰ ਲੈ ਕੇ ਅਮਰੀਕਾ ਲਗਾਤਾਰ ਉਸ ਦੇ ਸੰਪਰਕ ਵਿਚ ਬਣਿਆ ਹੋਇਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਭਾਰਤ ਦੀਆਂ ਲੋੜਾਂ ਲਈ ਉਹ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਦੀ ਸਮੀਖਿਆ ਦੇ ਸਿਲਸਿਲੇ 'ਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਭਾਰਤੀ ਹਮ-ਅਹੁਦਾ ਐੱਸ ਜੈਸ਼ੰਕਰ ਨਾਲ ਫੋਨ 'ਤੇ ਗੱਲ ਕੀਤੀ ਹੈ।
ਇਸੇ ਦੌਰਾਨ ਯੂਨੀਸੇਫ ਨੇ 3 ਹਜ਼ਾਰ ਆਕਸੀਜਨ ਕੰਸਟ੍ਰੇਟਰ, ਟੈੱਸਟ ਕਿੱਟਾਂ ਅਤੇ ਹੋਰ ਸਮੱਗਰੀ ਭਾਰਤ ਭੇਜੀ ਹੈ। ਉਸ ਨੇ ਇਹ ਵੀ ਕਿਹਾ ਕਿ ਟੀਕਾਕਰਨ ਦੇ ਕੰਮ ਵਿਚ ਉਹ ਭਾਰਤ ਦੀ ਮੱਦਦ ਕਰੇਗਾ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਪ੍ਰਰੈੱਸ ਕਾਨਫਰੰਸ ਦੌਰਾਨ ਐਂਟੋਨੀਓ ਗੁਤੇਰਸ ਦੇ ਇਕ ਟਵੀਟ ਦਾ ਹਵਾਲਾ ਦਿੱਤਾ। ਇਸ ਟਵੀਟ 'ਚ ਗੁਤੇਰਸ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਸੰਕਟ ਦੇ ਇਸ ਦੌਰ ਵਿਚ ਸੰਯੁਕਤ ਰਾਸ਼ਟਰ ਭਾਰਤ ਦੀ ਜਨਤਾ ਨਾਲ ਖੜ੍ਹਾ ਹੈ। ਯੂਨੀਸੇਫ ਪੂਰਬ ਉੱਤਰ ਅਤੇ ਮਹਾਰਾਸ਼ਟਰ 'ਚ 25 ਆਕਸੀਜਨ ਪਲਾਂਟ ਖਰੀਦਣ ਅਤੇ ਉਨ੍ਹਾਂ ਨੂੰ ਸਥਾਪਤ ਕਰਨ ਵਿਚ ਮੱਦਦ ਕਰ ਰਿਹਾ ਹੈ।