ਸਿਡਨੀ : ਭਾਰਤ ਵਿਚ ਕੋਰੋਨਾ ਨੇ ਹਾਹਾਕਾਰ ਮਚਾ ਰੱਖੀ ਹੈ, ਇਸੇ ਕਰ ਕੇ ਆਸਟ੍ਰੇਲੀਆ ਸਰਕਾਰ ਨੇ ਦੇਸ਼ ਵਿਚ ਭਾਰਤ ਤੋ ਆਉਣ ਵਾਲਿਆਂ ਲਈ ਰੋਕ ਲਾ ਰਖੀ ਹੈ। ਹੁਣ ਇਸੇ ਕਰ ਕੇ ਆਸਟ੍ਰੇਲੀਆ ਨੇ ਭਾਰਤ ਤੋਂ ਪਰਤਣ ਵਾਲੇ ਆਪਣੇ ਨਾਗਰਿਕਾਂ ਦੇ ਖ਼ਿਲਾਫ਼ ਸ਼ਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸਕਾਟ ਮੌਰਿਸਨ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪਾਬੰਦੀ ਦੇ ਬਾਵਜੂਦ ਜੇਕਰ ਕੋਈ ਵਿਅਕਤੀ ਭਾਰਤ ਤੋਂ ਆਸਟ੍ਰੇਲੀਆ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਜ਼ੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ’ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ।
ਨਿਊਜ਼ ਰਿਪੋਰਟ ਮੁਤਾਬਕ ਸਰਕਾਰ ਨੇ ਇਸ ਸਬੰਧ ਵਿਚ ਨਵੇਂ ਨਿਯਮ ਬਣਾਏ ਹਨ, ਜੋ ਅੱਜ (1 ਮਈ) ਤੋਂ ਅਮਲ ਵਿਚ ਆ ਸਕਦੇ ਹਨ। ਇਸ ਦੇ ਤਹਿਤ ਅਜਿਹੇ ਲੋਕਾਂ ਦੇ ਦੇਸ਼ ਵਿਚ ਪ੍ਰਵੇਸ਼ ’ਤੇ ਰੋਕ ਰਹੇਗੀ, ਜਿਨ੍ਹਾਂ ਨੇ ਪਿਛਲੇ 14 ਦਿਨਾਂ ਤੋਂ ਭਾਰਤ ਦੀ ਯਾਤਰਾ ਕੀਤੀ ਹੈ। ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ, ਕਿਉਂਕਿ ਹਾਲ ਹੀ ਵਿਚ 2 ਆਸਟ੍ਰੇਲੀਆਈ ਕ੍ਰਿਕਟਰ ਦੇਸ਼ ਵਾਪਸ ਪੁੱਜੇ ਸਨ। ਭਾਰਤ ਤੋਂ ਸਿੱਧੀਆਂ ਉਡਾਣਾ ’ਤੇ ਲੱਗੀ ਰੋਕ ਨੂੰ ਦੇਖਦੇ ਹੋਏ ਇਨ੍ਹਾਂ ਕ੍ਰਿਕਟਰਾਂ ਨੇ ਸਭ ਤੋਂ ਪਹਿਲਾਂ ਕਤਰ ਦੀ ਯਾਤਰਾ ਕੀਤੀ, ਫਿਰ ਉਥੋਂ ਆਸਟ੍ਰੇਲੀਆ ਲਈ ਉਡਾਣ ਭਰੀ।
ਸਿਹਤ ਮੰਤਰੀ ਗ੍ਰੇਗ ਹੰਟ ਨੇ ਦੱਸਿਆ ਕਿ ਸਰਹੱਦ ’ਤੇ ਸਖ਼ਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਨਿਯਮ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਉਸ ’ਤੇ 66, 600 ਡਾਲਰ (ਲਗਭਗ 50 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਜਾਏਗਾ ਜਾਂ 5 ਸਾਲ ਦੀ ਜੇਲ੍ਹ ਦੀ ਸਜ਼ਾ ਹੋਵੇਗੀ, ਜਾਂ ਫਿਰ ਦੋਵੇਂ ਵੀ ਹੋ ਸਕਦੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।