ਬੀਜਿੰਗ : ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਤਾਇਵਾਨ ਮੁੱਦੇ 'ਤੇ ਦਖਲ ਅੰਦਾਜ਼ੀ ਦਾ ਅਸਰ ਚੀਨ-ਆਸਟ੍ਰੇਲੀਆਈ ਸੰਬੰਧਾਂ ਦੀ ਸ਼ਾਂਤੀ ਅਤੇ ਸਥਿਰਤਾ 'ਤੇ ਪਵੇਗਾ। ਉੱਧਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਆਸਟ੍ਰੇਲੀਆ 'ਬੀਮਾਰ' ਹੈ। ਉਸ ਨੇ ਸੁਝਾਅ ਦਿੱਤਾ ਹੈ ਕਿ ਕੈਨਬਰਾ ਨੂੰ 'ਦਵਾਈ ਲੈਣ' ਦੀ ਲੋੜ ਹੈ ਕਿਉਂਕਿ ਮੋਰੀਸਨ ਸਰਕਾਰ ਦੇ ਸਭ ਤੋਂ ਸੀਨੀਅਰ ਡਿਪਲੋਮੈਟ ਨੇ ਕਿਹਾ ਸੀ ਕਿ ਬੀਜਿੰਗ ਪ੍ਰਮੁੱਖ ਆਸਟ੍ਰੇਲੀਆਈ ਹਿੱਤਾਂ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ।
ਹੁਣ ਤਾਇਵਾਨ ਮੁੱਦੇ 'ਤੇ ਆਸਟ੍ਰੇਲੀਆਈ ਸਰਕਾਰ ਦੀ ਟਿੱਪਣੀ 'ਤੇ ਭੜਕੇ ਚੀਨ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਚੀਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਆਸਟ੍ਰੇਲੀਆਈ ਪੱਖ ਪੂਰੀ ਤਰ੍ਹਾਂ ਤੋਂ ਤਾਇਵਾਨ ਦੀ ਉੱਚ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰੇਗਾ ਅਤੇ ਇਕ ਚੀਨ ਸਿਧਾਂਤ ਦਾ ਪਾਲਣ ਕਰੇਗਾ। ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਬੀਜਿੰਗ ਨੇ ਕਿਹਾ ਕਿ ਆਸ ਕੀਤੀ ਜਾਂਦੀ ਹੈਕਿ ਆਸਟ੍ਰੇਲੀਆਈ ਪੱਖ ਪੂਰੀ ਤਰ੍ਹਾਂ ਨਾਲ ਤਾਇਵਾਨ ਮੁੱਦੇ 'ਤੇ ਸ਼ਬਦਾਂ ਅਤੇ ਕਰਮਾਂ ਵਿਚ ਵਿਵੇਕਪੂਰਨ ਰਹੇਗਾ ਅਤੇ ਤਾਇਵਾਨ ਆਜ਼ਾਦੀ ਦੀਆਂ ਵੱਖਵਾਦੀ ਤਾਕਤਾਂ ਨੂੰ ਕੋਈ ਗਲਤ ਸੰਕੇਤ ਭੇਜਣ ਤੋਂ ਪਰਹੇਜ ਕਰੇਗਾ।
ਇੱਥੇ ਦੱਸ ਦਈਏ ਕਿ ਐਤਵਾਰ ਨੂੰ ਆਸਟ੍ਰੇਲੀਆਈ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਸੀ ਕਿ ਤਾਇਵਾਨ ਨਾਲ ਬੀਜਿੰਗ ਨੂੰ ਸੰਘਰਸ਼ ਦੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਡਟਨ ਨੇ ਕਿਹਾ ਕਿ ਚੀਨ ਅਤੇ ਤਾਇਵਾਨ ਵਿਚਾਲੇ ਸੰਘਰਸ਼ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਪਰ ਆਸਟ੍ਰੇਲੀਆ ਖੇਤਰ ਵਿਚ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ। ਹਟਨ ਨੇ ਆਸਟ੍ਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਨੂੰ ਦੱਸਿਆ ਕਿ ਚੀਨ ਦੀ ਤਾਇਵਾਨ ਲਈ ਇੱਛਾਵਾਂ ਬਾਰੇ ਸਪੱਸ਼ਟ ਹੋ ਗਿਆ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਦੀ ਉਪੇਖਿਆ ਕੀਤੀ ਜਾਣੀ ਚਾਹੀਦੀ ਹੈ।''
ਡਟਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਤਾਇਵਾਨ 'ਤੇ ਲੜਾਈ ਦੀ ਸੰਭਾਵਨਾ ਵੱਧ ਰਹੀ ਹੈ। ਅਸਲ ਵਿਚ ਬੀਜਿੰਗ ਤਾਇਵਾਨ 'ਤੇ ਪੂਰਨ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ ਜਦਕਿ ਚੀਨ ਦੇ ਦੱਖਣੀ-ਪੂਰਬੀ ਤੱਟ 'ਤੇ ਸਥਿਤ ਲੱਗਭਗ 24 ਮਿਲੀਅਨ ਲੋਕਾਂ ਦਾ ਲੋਕਤੰਤਰ ਤਾਇਵਾਨ ਖੁਦ ਨੂੰ ਸਵੈਸ਼ਾਸਿਤ ਦੇਸ਼ ਮੰਨਦਾ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਨੇ ਹਾਲ ਹੀ ਵਿਚ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਿਚ ਹਿੱਸਾ ਲੈਣ ਵਾਲੇ ਸਮਝੌਤਿਆਂ ਨੂੰ ਰੱਦ ਕਰਦਿਆਂ ਇਸ ਨੂੰ ਦੇਸ਼ ਦੀ ਵਿਦੇਸ਼ ਨੀਤੀ ਨਾਲ ਅਸੰਗਤ ਕਰਾਰ ਦਿੱਤਾ ਹੈ। ਉੱਧਰ ਚੀਨ ਨੇ ਵਿਵਾਦਿਤ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਸਮਝੌਤੇ ਨੂੰ ਗਲਤ ਕਰਾਰ ਦੇਣ ਦੇ ਆਸਟ੍ਰੇਲੀਆ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ਦੋ-ਪੱਖੀ ਸੰਬੰਧਾਂ ਨੂੰ ਨੁਕਸਾਨ ਪਹੁੰਚਾਏਗਾ। ਚੀਨ-ਆਸਟ੍ਰੇਲੀਆ ਦੇ ਸੰਬੰਧ ਪਿਛਲੇ ਸਾਲ ਅਪ੍ਰੈਲ ਤੋਂ ਸਭ ਤੋਂ ਤਣਾਅਪੂਰਨ ਚੱਲ ਰਹੇ ਹਨ ਜਦੋਂ ਤੋਂ ਕੈਨਬਰਾ ਨੇ ਕੋਵਿਡ-19 ਮਹਾਮਾਰੀ ਦੀ ਉਤਪੱਤੀ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦਾ ਪ੍ਰਸਤਾਵ ਦੇ ਕੇ ਬੀਜਿੰਗ ਨੂੰ ਬਦਨਾਮ ਕਰ ਦਿੱਤਾ ਸੀ।