ਚੰਡੀਗੜ੍ਹ, 27 ਅਪਰੈਲ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਮਾਲਜ਼ ਤੇ ਮਲਟੀਪਲੈਕਸ ਵਿਚਲੀਆਂ ਦੁਕਾਨਾਂ ਸਮੇਤ ਸਾਰੀਆਂ ਦੁਕਾਨਾਂ ਸ਼ਾਮ 5 ਵਜੇ ਬੰਦ ਕਰਨ ਅਤੇ ਰਾਤ 9 ਵਜੇ ਤੱਕ ਹੋਮ ਡਲਿਵਰੀ ਕਰਨ ਦੀ ਆਗਿਆ ਦਿੱਤੀ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਵਿਭਾਗ ਨੇ ਅਗਲੇ ਹੁਕਮਾਂ ਤੱਕ ਸੂਬੇ ਵਿੱਚ ਕੋਵਿਡ ਸਬੰਧੀ ਲਗਾਈਆਂ ਹੋਰ ਬੰਦਸ਼ਾਂ ਸਬੰਧੀ ਵਿਸਥਾਰਤ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦਿਨਾਂ ਵਾਸਤੇ ਗੈਰ ਜ਼ਰੂਰੀ ਗਤੀਵਿਧੀਆਂ ਲਈ ਰੋਜ਼ਾਨਾ ਦੇ ਰਾਤ ਦੇ ਕਰਫਿਊ ਦਾ ਸਮਾਂ ਹੁਣ ਸ਼ਾਮ ਛੇ ਵਜੇ ਤੋਂ ਸਵੇਰ ਪੰਜ ਵਜੇ ਤੱਕ ਹੋਵੇਗਾ ਜਦੋਂ ਕਿ ਪਹਿਲਾ ਇਹ ਸਮਾਂ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਤੱਕ ਸੀ। ਹਫਤੇ ਦੇ ਅੰਤਲੇ ਦਿਨਾਂ (ਵੀਕੈਂਡ) ਕਰਫਿਊ ਸ਼ਨਿਚਰਵਾਰ ਨੂੰ ਸਵੇਰੇ ਪੰਜ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਰਹੇਗਾ। ਹਾਲਾਂਕਿ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਛੋਟ ਰਹੇਗੀ। ਸਾਰੇ ਪ੍ਰਾਈਵੇਟ ਦਫਤਰਾਂ ਸਮੇਤ ਸਰਵਿਸ ਇੰਡਸਟਰੀ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਕੈਮਿਸਟ ਦੀਆਂ ਦੁਕਾਨਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਦੁੱਧ, ਡੇਅਰੀ ਉਤਪਾਦ, ਸਬਜ਼ੀਆਂ, ਫਲ ਸਮੇਤ ਮੈਨੂਫੈਕਚਰਿੰਗ ਉਦਯੋਗ ਨੂੰ ਕੋਵਿਡ ਬੰਦਸਾਂ ਤੋਂ ਛੋਟ ਰਹੇਗੀ ਬਸ਼ਰਤੇ ਉਹ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ।
ਮੈਨੂਫੈਕਚਰਿੰਗ ਇੰਡਸਟਰੀ ਦੇ ਮਜ਼ਦੂਰਾਂ ਅਤੇ ਕਾਮਿਆਂ ਅਤੇ ਇਨ੍ਹਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਆਵਾਜਾਈ ਲਈ ਇਜਾਜ਼ਤ ਹੋਵੇਗੀ। ਹਾਲਾਂਕਿ, ਸਬੰਧਤ ਉਦਯੋਗ ਇਸ ਉਦੇਸ਼ ਲਈ ਇਨ੍ਹਾਂ ਨੂੰ ਲੋੜੀਂਦੀ ਪ੍ਰਵਾਨਗੀ ਜਾਰੀ ਕਰੇਗਾ।
ਇਸੇ ਤਰ੍ਹਾਂ ਹਵਾਈ ਜਹਾਜ਼, ਰੇਲ ਅਤੇ ਬੱਸਾਂ ਰਾਹੀਂ ਆਉਣ-ਜਾਣ ਵਾਲੇ ਮੁਸਾਫਰਾਂ, ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਨਿਰਮਾਣ ਗਤੀਵਿਧੀਆਂ, ਖਰੀਦ, ਬਾਗਬਾਨੀ, ਪਸ਼ੂ ਧਨ, ਵੈਟਰਨਰੀ ਸੇਵਾਵਾਂ, ਈ-ਕਾਮਰਸ ਅਤੇ ਸਾਰੀਆਂ ਵਸਤਾਂ ਦੀ ਆਵਾਜਾਈ ਸਮੇਤ ਖੇਤੀਬਾੜੀ, ਦੂਰ-ਦੁਰਾਡੇ ਦੇ ਟੀਕਾਕਰਨ ਕੈਂਪਾਂ ਦੀਆਂ ਗਤੀਵਿਧੀਆਂ ਨੂੰ ਸਿਹਤ ਉਪਾਵਾਂ ਦੀ ਸਖਤੀ ਨਾਲ ਪਾਲਣਾ ਦੀ ਸ਼ਰਤ ਉਤੇ ਉਪਰੋਕਤ ਬੰਦਸ਼ਾਂ ਤੋਂ ਛੋਟ ਦਿੱਤੀ ਗਈ ਹੈ।
ਜਿਲ੍ਹਾ ਅਥਾਰਟੀਆਂ, ਗ੍ਰਹਿ ਮੰਤਰਾਲੇ ਅਤੇ ਸੂਬਾ ਸਰਕਾਰ ਦੇ ਮੌਜੂਦ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਨੂੰ ਯਕੀਨੀ ਬਣਾਉਣਗੀਆਂ ਜਿਨ੍ਹਾਂ ਵਿਚ ਛੇ ਫੁੱਟ ਦੀ ਦੂਰੀ, ਬਜ਼ਾਰਾਂ, ਜਨਤਕ ਆਵਾਜਾਈ ਦੀ ਨਿਗਾਰਨੀ, ਮਾਸਕ ਪਹਿਨਣ ਤੇ ਜਨਤਕ ਤੌਰ ਉਤੇ ਥੁੱਕਣ ਵਰਗੇ ਕੋਵਿਡ ਇਹਤਿਆਤ ਦੀ ਉਲੰਘਣਾ ਲਈ ਜੁਰਮਾਨਾ ਲਾਏ ਜਾਣਾ ਸ਼ਾਮਲ ਹੈ।