ਕੈਨਬਰਾ : ਆਸਟ੍ਰੇਲੀਆ ਨੇ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤੋਂ ਪੈਦਾ ਹੋਏ ਖਦਸ਼ੇ ਕਾਰਨ ਹਾਂਗਕਾਂਗ ਨਾਲ ਹਵਾਲਗੀ ਸੰਧੀ ਨੂੰ ਰੱਦ ਕਰ ਦਿੱਤਾ ਹੈ। ਜਿਸ ਮਗਰੋਂ ਆਸਟ੍ਰੇਲੀਆ ਅਤੇ ਹਾਂਗਕਾਂਗ ਆਪਣੇ ਅਧਿਕਾਰ ਖੇਤਰ ਵਿਚ ਕਿਸੇ ਵੀ ਵਿਅਕਤੀ ਦੀ ਹਵਾਲਗੀ ਨਹੀਂ ਕਰ ਪਾਉਣਗੇ। ਇਸ ਦੇ ਇਲਾਵਾ ਆਸਟ੍ਰੇਲੀਆ ਨੇ ਹਾਂਗਕਾਂਗ ਦੇ ਲੋਕਾਂ ਨੂੰ ਆਪਣੇ ਇੱਥੇ ਵਸਣ ਅਤੇ ਵੀਜ਼ਾ ਮਿਆਦ ਵਧਾਉਣ ਦਾ ਆਫਰ ਵੀ ਦਿੱਤਾ ਹੈ। ਸਕੌਟ ਮੋਰੀਸਨ ਨੇ ਐਲਾਨ ਕੀਤਾ ਕਿ ਹਾਂਗਕਾਂਗ ਵਿਚ ਕਾਰੋਬਾਰ ਕਰਨ ਵਾਲੇ ਲੋਕ ਜੇਕਰ ਆਸਟ੍ਰੇਲੀਆ ਆਉਣਾ ਚਾਹੁਣ ਤਾਂ ਉਹ ਵੀ ਆ ਸਕਦੇ ਹਨ।
ਹੁਣ ਚੀਨ ਨੂੰ ਆਸਟ੍ਰੇਲੀਆ ਹੁਣ ਦੂਜੀ ਵਾਰ ਕਰਾਰਾ ਸਬਕ ਸਿਖਾਉਣ ਦੀ ਤਿਆਰੀ ਵਿਚ ਹੈ। ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਨੇ ਰਾਸ਼ਟਰੀ ਸੁਰੱਖਿਆ ਦੇ ਆਧਾਰ 'ਤੇ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਦੋ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਸੀ ਜਿਸ ਮਗਰੋਂ ਹੁਣ ਸਕੌਟ ਮੌਰੀਸਨ ਦੀ ਅਗਵਾਈ ਵਾਲੀ ਸਰਕਾਰ ਡਾਰਵਿਨ ਬੰਦਰਗਾਹ ਨੂੰ ਚੀਨ ਦੇ ਚੁੰਗਲ ਤੋਂ ਕੱਢਣ ਦੀ ਯੋਜਨਾ ਬਣਾ ਰਹੀ ਹੈ। ਇਸ ਬੰਦਰਗਾਹ ਨੂੰ ਆਸਟ੍ਰੇਲੀਆ ਦੀ ਉੱਤਰੀ ਖੇਤਰ ਦੀ ਸਰਕਾਰ ਨੇ 2015 ਵਿਚ ਚੀਨੀ ਮਲਕੀਅਤ ਵਾਲੀ ਕੰਪਨੀ ਨੂੰ 99 ਸਾਲ ਦੀ ਲੀਜ਼ 'ਤੇ ਦਿੱਤਾ ਸੀ।
ਆਸਟ੍ਰੇਲੀਆਈ ਰੱਖਿਆ ਮੰਤਰੀ ਪੀਟਰ ਡਟਨ ਨੇ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰੀ ਮਾਰਿਸ ਪਾਇਨੇ ਡਾਰਵਿਨ ਪੋਰਟ ਦੇ ਇਲਾਵਾ ਲੱਗਭਗ ਹਜ਼ਾਰਾਂ ਵੱਖ-ਵੱਖ ਲੀਜ਼ ਦਾ ਅਧਿਐਨ ਕਰ ਰਹੀ ਹੈ। ਇਹਨਾਂ ਵਿਚ ਹਜ਼ਾਰਾਂ ਮਾਮਲੇ ਦੇਖਣ ਲਈ ਹਨ ਅਤੇ ਵਿਦੇਸ਼ ਮੰਤਰੀ ਉਹਨਾਂ ਸਾਰਿਆਂ ਨੂੰ ਦੇਖ ਕੇ ਫ਼ੈਸਲਾ ਲਵੇਗੀ। ਭਾਵੇਂਕਿ ਆਸਟ੍ਰੇਲੀਆਈ ਰੱਖਿਆ ਮੰਤਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਆਸਟ੍ਰੇਲੀਆ ਇਸ ਸਮਝੌਤੇ ਨੂੰ ਰੱਦ ਕਰਨ ਜਾ ਰਿਹਾ ਹੈ।
ਪਿਛਲੇ ਬੁੱਧਵਾਰ ਨੂੰ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਕੈਬਨਿਟ ਨੇ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਚੀਨ ਦੇ ਅਭਿਲਾਸ਼ੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰਾਜੈਕਟ ਦੇ ਦੋ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਹੈ। ਜਿਹੜੇ ਦੋ ਸਮਝੌਤਿਆਂ ਨੂੰ ਰੱਦ ਕੀਤਾ ਗਿਆ ਹੈ ਉਹਨਾਂ ਵਿਚ ਚੀਨੀ ਕੰਪਨੀਆਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਦੋ ਇਮਾਰਤਾਂ ਦੇ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਵਾਲੀਆਂ ਸਨ। ਇਹ ਸਮਝੌਤਾ ਚੀਨ ਦੇ ਨਾਲ 2018-19 ਵਿਚ ਕੀਤਾ ਗਿਆ ਸੀ।
ਆਸਟ੍ਰੇਲੀਆ ਨੇ 2018 ਵਿਚ ਇਕ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕੀਤਾ ਸੀ, ਜੋ ਘਰੇਲੂ ਨੀਤੀਆਂ ਵਿਚ ਗੁਪਤ ਵਿਦੇਸ਼ੀ ਦਖਲ ਨੂੰ ਪਾਬੰਦੀਸ਼ੁਦਾ ਕਰਦਾ ਹੈ। ਬੀਜਿੰਗ ਨੇ ਇਹਨਾਂ ਕਾਨੂੰਨਾਂ ਨੂੰ ਚੀਨ-ਆਸਟ੍ਰੇਲੀਆ ਦੇ ਰਿਸ਼ਤਿਆਂ ਵਿਚ ਜ਼ਹਿਰ ਘੋਲਣ ਵਾਲਾ ਕਰਾਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਫ਼ੈਸਲੇ ਤੋਂ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਤਣਾਅ ਹੋਰ ਵੱਧ ਸਕਦਾ ਹੈ।