Friday, November 22, 2024
 

ਚੰਡੀਗੜ੍ਹ / ਮੋਹਾਲੀ

ਕੋਵਿਡ ਦੇ ਵਾਧੇ ਨਾਲ ਨਿਪਟਣ ਲਈ ਸਰਕਾਰੀ ਮੈਡੀਕਲ ਕਾਲਜਾਂ ਵਾਸਤੇ ਨਰਸਾਂ ਅਤੇ ਟੈਕਨੀਸ਼ੀਅਨ ਦੀ ਤੁਰੰਤ ਭਰਤੀ ਦੇ ਹੁਕਮ

April 24, 2021 01:02 PM
ਕਿਹਾ, ਸੂਬੇ ਵਿਚ ਮਿਲਟਰੀ ਹਸਪਤਾਲਾਂ ਅਤੇ ਪੀ.ਜੀ.ਆਈ. ਸੈਟੇਲਾਈਟ ਸੈਂਟਰਾਂ ਵਿਚ ਲੋਕਾਂ ਲਈ ਕੋਵਿਡ ਬੈੱਡ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਾਂਗਾ
 
ਚੰਡੀਗੜ੍ਹ (ਸੱਚੀ ਕਲਮ ਬਿਊਰੋ):  ਕੋਵਿਡ ਵਿਚ ਵਾਧੇ ਦੇ ਮੱਦੇਨਜਰ ਸੂਬੇ ਦੀਆਂ ਸਿਹਤ ਸਮਰੱਥਾਵਾਂ ਮਜਬੂਤ ਕਰਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ 400 ਨਰਸਾਂ ਅਤੇ 140 ਟੈਕਨੀਸ਼ੀਅਨਾਂ ਦੀ ਫੌਰੀ ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿਚ ਮੈਡੀਕਲ ਕਾਲਜਾਂ ਦੇ ਪ੍ਰਵਾਨਿਤ/ਪ੍ਰਗਤੀ ਅਧੀਨ ਪ੍ਰਾਜੈਕਟਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਮੈਡੀਕਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਪੰਜਾਬ ਪਿੱਛੇ ਨਾ ਰਹੇ।
ਮੁੱਖ ਮੰਤਰੀ, ਜਿਨਾਂ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਕਾਨਫਰੰਸਿੰਗ ਮੀਟਿੰਗ ਦੌਰਾਨ ਮੁੱਦੇ ਨੂੰ ਉਠਾਇਆ ਸੀ, ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਨਾਗਰਿਕਾਂ ਨੂੰ ਕੋਵਿਡ ਬੈੱਡ ਮੁਹੱਈਆ ਕਰਵਾਉਣ ਲਈ ਮਿਲਟਰੀ ਹਸਪਤਾਲਾਂ ਅਤੇ ਪੀ.ਜੀ.ਆਈ. ਸੈਟੇਲਾਈਟਾਂ ਸੈਂਟਰਾਂ ਨੂੰ ਹਦਾਇਤਾਂ ਦੇਣ ਦੀ ਮੰਗ ਕਰਨਗੇ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਇਸ ਉਦੇਸ਼ ਲਈ ਆਰਜੀ ਢਾਂਚੇ ਦੀ ਵਰਤੋਂ ਕੀਤੀ ਜਾ ਸਕਦੀ ਹੈ।  
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਕੰਮਕਾਜ ਖਾਸ ਕਰਕੇ ਕੋਵਿਡ ਦੇ ਸੰਕਟ ਦੇ ਸਬੰਧ ਵਿਚ ਇਸ ਦਾ ਵਰਚੂਅਲ ਤੌਰ ਉਤੇ ਲੈਂਦਿਆਂ ਜਾਇਜਾ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਮੁੜ ਮਨੋਨੀਤ ਕਰਨ ਲਈ ਸਮਾਂਬੱਧ ਢੰਗ ਨਾਲ ਨਿਯਮਾਂ ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਉਨਾਂ ਨੂੰ ਇਸ ਸਬੰਧ ਵਿਚ ਆਪਣੇ ਦੂਜੇ ਫੈਕਲਟੀ ਮੈਂਬਰਾਂ ਦੇ ਬਰਾਬਰ ਲਿਆਂਦਾ ਜਾ ਸਕੇ।
ਭਰਤੀ ਮੁਹਿੰਮ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਪੁਨਰਗਠਨ ਤੋਂ ਬਾਅਦ ਪ੍ਰਵਾਨਿਤ 900 ਅਸਾਮੀਆਂ ਵਿਚੋਂ  ਪਹਿਲੇ ਪੜਾਅ ਵਿਚ ਨਰਸਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ 400 ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਟੈਕਨੀਸ਼ੀਅਨਾਂ ਦੀਆਂ ਸੇਵਾਵਾਂ ਲਈ ਉਨਾਂ ਨੂੰ ਬਣਦੀ ਮਹੱਤਤਾ ਦੇਣੀ ਚਾਹੀਦੀ ਹੈ ਜੋ ਪਹਿਲਾਂ ਹੀ ਪੰਜਾਬ ਸਰਕਾਰ ਕੋਲ ਠੇਕੇ ਦੇ ਆਧਾਰ ਉਤੇ ਕੰਮ ਕਰ ਰਹੇ ਹਨ।
ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਮੁਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਬਣਨ ਵਾਲੇ ਵੱਖ-ਵੱਖ ਹਸਪਤਾਲ ਅਤੇ ਮੈਡੀਕਲ ਕਾਲਜਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਕੇਂਦਰ ਸਰਕਾਰੀ ਦੀ ਪ੍ਰਵਾਨਗੀ ਨਾਲ ਮਲੇਰਕੋਟਲਾ ਅਤੇ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਸਥਾਪਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਸੰਗਰੂਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਵੀ ਸ਼ੁਰੂ ਹੋ ਜਾਵੇਗਾ ਜਦਕਿ ਫਿਰੋਜਪੁਰ ਵਿਖੇ ਪੀ.ਜੀ.ਆਈ. ਦੇ ਸੈਟੇਲਾਈਟ ਸੈਂਟਰ ਦੀ ਉਸਾਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮੁਹਾਲੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ਦੀ ਸਥਾਪਨਾ ਕਰਨ ਲਈ ਆਈ.ਸੀ.ਐਮ.ਆਰ., ਨਵੀਂ ਦਿੱਲੀ ਪਾਸੋਂ ਹਾਲ ਹੀ ਵਿਚ ਮਨਜੂਰੀ ਪ੍ਰਾਪਤ ਹੋਈ ਹੈ।
ਇਸ ਵੇਲੇ ਸੂਬੇ ਵਿਚ 2 ਯਨੀਵਰਸਿਟੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਫਰੀਦਕੋਟ ਅਤੇ ਗੁਰੂ ਰਵਿਦਾਸ ਆਯੂਰਵੇਦਾ ਯੂਨੀਵਰਸਿਟੀ, ਹੁਸ਼ਿਆਰਪੁਰ ਹਨ। ਇਸ ਤੋਂ ਇਲਾਵਾ ਤਿੰਨ ਸਰਕਾਰੀ ਮੈਡੀਕਲ ਕਾਲਜ, ਦੋ ਸਰਕਾਰੀ ਡੈਂਟਲ ਕਾਲਜ ਅਤੇ ਇਕ ਸਰਕਾਰੀ ਆਯੂਵੇਦਿਕ ਕਾਲਜ ਅਤੇ 12 ਨਰਸਿੰਗ ਸਕੂਲ/ਕਾਲਜ ਹਨ। ਇਸੇ ਤਰਾਂ ਵੱਖ-ਵੱਖ ਡਾਕਟਰਾਂ, ਫਾਰਮਾਸਿਸਟਾਂ ਅਤੇ ਨਰਸਾਂ ਦੀ ਰਜਿਸਟ੍ਰੇਸ਼ਨ ਲਈ ਛੇ ਕੌਂਸਲਾਂ ਹਨ।
ਮੰਤਰੀ ਨੇ ਦੱਸਿਆ ਕਿ ਨੈਸਨਲ ਮੈਡੀਕਲ ਕਮਿਸਨ, ਡੈਂਟਲ ਕੌਂਸਲ ਆਫ ਇੰਡੀਆ ਅਤੇ ਸੈਂਟਰਲ ਮੈਡੀਕਲ ਕੌਂਸਲ ਆਫ਼ ਇੰਡੀਅਨ ਮੈਡੀਸਨ ਦੇ ਨਵੇਂ ਨਿਯਮਾਂ ਦੇ ਮੱਦੇਨਜਰ ਵਿਭਾਗ ਦਾ ਪਹਿਲਾਂ ਹੀ ਪੁਨਰਗਠਨ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ 2020-21 ਵਿੱਚ 550 ਕਰੋੜ ਰੁਪਏ ਦੇ ਬਜਟ ਨੂੰ ਵਧਾ ਕੇ ਮੌਜੂਦਾ ਵਿੱਤੀ ਵਰੇ ਲਈ 1008 ਕਰੋੜ ਰੁਪਏ ਕੀਤਾ ਗਿਆ ਹੈ।
ਪਿਛਲੇ ਇਕ ਸਾਲ ਦੌਰਾਨ ਕੋਵਿਡ ਮਹਾਂਮਾਰੀ ਦੇ ਮੱਦੇਨਜਰ ਵਿਭਾਗ ਵੱਲੋਂ ਕੀਤੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ 1498 ਆਈਸੋਲੇਸ਼ਨ ਬੈੱਡ ਮੁਹੱਈਆ ਕਰਵਾਏ ਗਏ ਜਿਨਾਂ ਵਿਚੋਂ 361 ਆਈਸੀਯੂ ਬੈੱਡ ਹਨ। ਇਸ ਤੋਂ ਇਲਾਵਾ 7 ਵੀ.ਆਰ.ਡੀ.ਐਲ. ਲੈਬਜ ਵਿੱਚ ਹੁਣ ਰੋਜਾਨਾ 35, 000 ਆਰਟੀ-ਪੀਸੀਆਰ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 54 ਲੱਖ ਟੈਸਟ ਕੀਤੇ ਜਾ ਚੁੱਕੇ ਹਨ। ਤਿੰਨ ਮੈਡੀਕਲ ਕਾਲਜਾਂ ਵਿੱਚ ਪਲਾਜਮਾ ਬੈਂਕ ਵੀ ਸਥਾਪਤ ਕੀਤੇ ਗਏ ਹਨ।
ਸ੍ਰੀ ਸੋਨੀ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਮੈਡੀਕਲ ਕਾਲਜਾਂ ਵਿਚ 14, 000 ਤੋਂ ਵੱਧ ਕੋਵਿਡ ਮਰੀਜਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਰਿਸਤੇਦਾਰਾਂ/ਵਾਰਸਾਂ ਨੂੰ ਸੂਚਿਤ ਕਰਨ ਲਈ ਅਟੈਡੈਂਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਗਿਆ ਹੈ। ਮਰੀਜਾਂ ਲਈ ਪੋਸਟ ਕੋਵਿਡ ਮਲਟੀਸਪੈਸਲਿਟੀ ਓ.ਪੀ.ਡੀ. ਸ਼ੁਰੂ ਕੀਤੀ ਗਈ ਅਤੇ ਕੋਵਿਡ ਮਹਾਂਮਾਰੀ ਦੌਰਾਨ ਡਾਇਲਸਿਸ ਮਰੀਜਾਂ ਅਤੇ ਗਰਭਵਤੀ ਮਹਿਲਾਵਾਂ ਦੀ ਦੇਖਭਾਲ ਲਈ ਪ੍ਰਬੰਧ ਕੀਤੇ ਗਏ ਹਨ। ਟੈਕਨੀਸੀਅਨ, ਨਰਸਾਂ ਅਤੇ ਐਮ.ਟੀ.ਡਬਲਿਊ ਸਮੇਤ ਕੁੱਲ 1095 ਵਾਧੂ ਸਟਾਫ਼ ਦੀਆਂ ਸੇਵਾਵਾਂ ਲਈਆਂ ਗਈਆਂ।
ਮੰਤਰੀ ਨੇ ਦੱਸਿਆ ਕਿ ਆਕਸੀਜਨ ਦੀ ਸੁਚੱਜੀ ਵਰਤੋਂ ਲਈ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਆਕਸੀਜਨ ਆਡਿਟ ਸੁਰੂ ਕੀਤਾ ਗਿਆ ਹੈ ਅਤੇ ਇਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।
 
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਨਵੀਂ ਪਾਰਦਰਸੀ ਪ੍ਰੀਖਿਆ ਪ੍ਰਣਾਲੀ ਸ਼ੁਰੂ ਕੀਤੀ ਗਈ ਜਿਸ ਦੀ ਭਾਰਤ ਸਰਕਾਰ ਦੇ ਕੌਮੀ ਪ੍ਰੀਖਿਆ ਬੋਰਡ ਨੇ ਵੀ ਸਲਾਘਾ ਕੀਤੀ।
ਇੱਕ ਪੇਸਕਾਰੀ ਦਿੰਦੇ ਹੋਏ ਮੈਡੀਕਲ ਸਿੱਖਿਆ ਦੇ ਸਕੱਤਰ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਵਿਖੇ 206.86 ਕਰੋੜ ਰੁਪਏ ਦੀ ਲਾਗਤ ਵਾਲੇ ਚੱਲ ਰਹੇ ਪ੍ਰੋਜੈਕਟ ਇਸ ਸਾਲ ਮੁਕੰਮਲ ਕੀਤੇ ਜਾਣਗੇ ਅਤੇ 134.64 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਸੁਰੂ ਕੀਤੇ ਜਾਣਗੇ। ਇਸੇ ਤਰਾਂ ਪਟਿਆਲਾ ਵਿਖੇ 97.73 ਕਰੋੜ ਰੁਪਏ ਦੀ ਲਾਗਤ ਵਾਲੇ ਚੱਲ ਰਹੇ ਪ੍ਰਾਜੈਕਟ ਮੁਕੰਮਲ ਕੀਤੇ ਜਾਣਗੇ ਅਤੇ 128.1 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਫ਼ਰੀਦਕੋਟ ਵਿਖੇ 75.4 ਕਰੋੜ ਰੁਪਏ ਦੀ ਲਾਗਤ ਵਾਲੇ ਚੱਲ ਰਹੇ ਪ੍ਰਾਜੈਕਟ ਮੁਕੰਮਲ ਹੋ ਜਾਣਗੇ ਅਤੇ 44.28 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।
ਸਾਲ 2017 ਤੋਂ ਵਿਭਾਗ ਵੱਲੋਂ ਕੁੱਲ 2254 ਫੈਕਲਟੀ ਮੈਂਬਰਾਂ ਅਤੇ ਹੋਰ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਅਤੇ ਸਾਲ 2020 ਵਿਚ ਵੱਧ ਤੋਂ ਵੱਧ 1237 ਭਰਤੀਆਂ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜਾਂ ਵਿਚ ਐਮ.ਬੀ.ਬੀ.ਐਸ. ਸੀਟਾਂ ਦੀ ਗਿਣਤੀ ਸਾਲ 2017 ਵਿੱਚ 500 ਦੇ ਮੁਕਾਬਲੇ ਸਾਲ 2021 ਵਿਚ ਵਧਾ ਕੇ 700 ਕੀਤੀ ਗਈ। ਇਸ ਤੋਂ ਇਲਾਵਾ ਐਮਡੀ/ਐਮਐਸ ਦੀਆਂ ਸੀਟਾਂ ਦੀ ਗਿਣਤੀ 2017 ਵਿਚ 242 ਤੋਂ ਵਧਾ ਕੇ 2021 ਵਿਚ 395 ਕੀਤੀ ਗਈ। ਸੁਪਰ ਸਪੈਸਲਿਟੀ ਕੋਰਸ ਲਈ 2 ਐਮਸੀਐਚ ਸੀਟਾਂ ਸੁਰੂ ਕਰ ਦਿੱਤੀਆਂ ਗਈਆਂ ਹਨ।
20 ਸਾਲਾਂ ਦੇ ਅੰਤਰਾਲ ਤੋਂ ਬਾਅਦ ਸਰਕਾਰੀ ਆਯੁਰਵੈਦਿਕ ਕਾਲਜ, ਪਟਿਆਲਾ ਵਿਖੇ ਐਮ.ਡੀ. ਕੋਰਸ ਸੁਰੂ ਕੀਤੇ ਗਏ ਅਤੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸਅਿਾਰਪੁਰ ਵਿਖੇ ਪੀਐਚ.ਡੀ. ਕੋਰਸ ਸੁਰੂ ਕੀਤੇ ਗਏ। ਸਾਲ 2017 ਦੇ ਮੁਕਾਬਲੇ 2021 ਵਿਚ ਡਾਕਟਰਾਂ ਅਤੇ ਫਾਰਮਾਸਿਸਟਾਂ ਦੀ ਰਜਿਸਟ੍ਰੇਸਨ ਵਿਚ ਵੀ ਕਾਫੀ ਵਾਧਾ ਕੀਤਾ ਗਿਆ ਹੈ। ਘਰ-ਘਰ ਰੋਜਗਾਰ ਯੋਜਨਾ ਅਧੀਨ ਭਰਤੀ ਲਈ ਕੁੱਲ 726 ਅਸਾਮੀਆਂ ਮਨਜੂਰ ਕੀਤੀਆਂ ਗਈਆਂ। ਕਾਬਲੇਗੌਰ ਹੈ ਕਿ ਵਿਭਾਗ ਵੱਲੋਂ ਵੱਖ-ਵੱਖ ਸ੍ਰੇਣੀਆਂ ਅਧੀਨ ਸਾਲ 2017 ਵਿੱਚ 194 ਨਿਯੁਕਤੀਆਂ ਕੀਤੀਆਂ ਗਈਆਂ ਜਦਕਿ 2018 ਵਿਚ 217, 2019 ਵਿਚ 399 ਅਤੇ 2020 ਵਿਚ 1236 ਨਿਯੁਕਤੀਆਂ ਕੀਤੀਆਂ ਗਈਆਂ।
 

Have something to say? Post your comment

Subscribe