ਲੰਦਨ (ਏਜੰਸੀਆਂ) : ਬਿ੍ਟੇਨ ਦੇ ਸਭ ਤੋਂ ਵੱਡੇ ਅਤੇ ਰੁਝੇਵੇਂ ਵਾਲੇ ਹਵਾਈ ਅੱਡੇ ਹੀਰਥੋ ਨੇ ਭਾਰਤ ਨੂੰ ਅੱਠ ਵਾਧੂ ਉਡਾਨਾਂ ਦੇ ਸੰਚਾਲਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਦੇਸ਼ 'ਚ ਸ਼ੁੱਕਰਵਾਰ ਤੋਂ ਰੈੱਡ ਲਿਸਟ ਯਾਤਰਾ ਪਾਬੰਦੀ ਲਾਗੂ ਹੋ ਰਹੀ ਹੈ। ਹਵਾਈ ਅੱਡੇ ਨੇ ਕਿਹਾ ਕਿ ਵਾਧੂ ਉਡਾਨਾਂ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਤਾਂ ਕਿ ਪਾਸਪੋਰਟ ਕੰਟਰੋਲ ਕਾਊਂਟਰ 'ਤੇ ਵਾਧੂ ਬੋਝ ਨਾ ਪਏ ਅਤੇ ਲੰਬੀਆਂ-ਲੰਬੀਆਂ ਲਾਈਨਾਂ ਨਾ ਲੱਗਣ।
ਇਸੇ ਹਫ਼ਤੇ ਦੀ ਸ਼ੁਰੂਆਤ ਵਿਚ ਹਾਊਸ ਆਫ ਕਾਮਨਜ਼ ਵਿਚ ਭਾਰਤ ਨੂੰ ਰੈੱਡ ਲਿਸਟ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਸੀ। ਬਿ੍ਟੇਨ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ 103 ਮਾਮਲੇ ਸਾਹਮਣੇ ਆਏ ਹਨ। ਇਹ ਅਜਿਹਾ ਵੇਰੀਐਂਟ ਹੈ, ਜਿਸ ਦਾ ਪਤਾ ਸਭ ਤੋਂ ਪਹਿਲਾਂ ਭਾਰਤ 'ਚ ਚੱਲਿਆ ਸੀ। ਸਿਹਤ ਮੰਤਰੀ ਮੈਟ ਹੈਨਕਾਕ ਨੇ ਦੱਸਿਆ ਕਿ ਇਹ ਫ਼ੈਸਲਾ ਅੰਕੜਿਆਂ ਦਾ ਅਧਿਐਨ ਕਰਨ ਲਈ ਲਿਆ ਗਿਆ ਹੈ। ਇਸ ਤਹਿਤ ਕੋਈ ਅਜਿਹਾ ਵਿਅਕਤੀ ਜੋ ਬਿ੍ਟੇਨ ਦਾ ਨਾਗਰਿਕ ਨਹੀਂ ਹੈ ਅਤੇ ਪਿਛਲੇ 10 ਦਿਨਾਂ ਤੋਂ ਭਾਰਤ 'ਚ ਰਹਿ ਰਿਹਾ ਹੈ ਤਾਂ ਉਸ ਨੂੰ ਇਥੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।