ਸੂਬੇ ਦੇ ਸੁਰੱਖਿਆ ਪ੍ਰਬੰਧ ਕਰੜੇ
ਫ਼ਿਰੋਜ਼ਪੁਰ : ਪੰਜਾਬ ਅੰਦਰ 19 ਮਈ ਨੂੰ ਸੱਤਵੇਂ ਤੇ ਆਖ਼ਰੀ ਪੜਾਅ ਅਧੀਨ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪਰ ਉਸ ਤੋਂ ਪਹਿਲਾਂ ਖ਼ੁਫ਼ੀਆ ਏਜੰਸੀਆਂ ਨੂੰ ਸੂਚਲਾ ਮਿਲੀ ਹੈ ਕਿ ਕੌਮਾਂਤਰੀ ਅਤਿਵਾਦੀ ਐਲਾਨਿਆ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਗੜਬੜ ਕਰਨ ਦੀ ਫ਼ਿਰਾਕ 'ਚ ਹੈ। ਅਜ਼ਹਰ ਦੇ ਖ਼ਤਰਨਾਕ ਇਰਾਦਿਆਂ ਬਾਰੇ ਪਤਾ ਲਗਦਿਆਂ ਹੀ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਏਜੰਸੀਆਂ ਨੂੰ ਮਿਲੇ ਇਨਪੁੱਟ ਦੇ ਆਧਾਰ 'ਤੇ ਪਿਛਲੇ ਚਾਰ ਦਿਨਾਂ ਤੋਂ ਜੰਮੂ-ਤਵੀ ਤੋਂ ਆਉਣ ਵਾਲੀਆਂ ਟ੍ਰੇਨਾਂ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ, ਪਾਕਿਸਤਾਨ ਸਰਹੱਦ ਨਾਲ ਲਗਦਾ ਹੈ। ਇੱਥੋਂ ਦੇ ਕਈ ਰੇਲਵੇ ਸਟੇਸ਼ਨ ਤੇ ਸ਼ਹਿਰ ਸਰਹੱਦ ਨਾਲ ਲਗਦੇ ਹੋਣ ਕਾਰਨ ਅਤਿ ਸੰਵੇਦਨਸ਼ੀਲ ਹੈ। ਪਤਾ ਲੱਗਾ ਹੈ ਕਿ ਇਸ ਸਰਹੱਦੀ ਸੂਬੇ 'ਚ ਅਤਿਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਜਿਸ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ 'ਚ ਵੜਦੇ ਸਾਰੇ ਅੰਤਰ ਰਾਜੀ ਮਾਰਗਾਂ 'ਤੇ ਚੈਕਿੰਗ ਵਧਾ ਦਿਤੀ ਗਈ ਹੈ। ਇਨ੍ਹਾਂ ਨਾਕਿਆਂ 'ਤੇ ਪੰਜਾਬ ਪੁਲਿਸ ਦੇ ਨਾਲ-ਨਾਲ ਅਰਧ ਸੈਲਿਕ ਬਲ ਵੀ ਪੂਰੀ ਤਰ੍ਹਾਂ ਮੁਸਤੈਦ ਹਨ। ਇਨ੍ਹਾਂ ਨਾਕਿਆਂ 'ਤੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਜੰਮੂ-ਤਵੀ ਤੋਂ ਪੰਜਾਬ ਵਿਚ ਖ਼ਾਸ ਕਰ ਕੇ ਸਰਹੱਦੀ ਹਿੱਸਿਆਂ ਤੋਂ ਲੰਘਣ ਵਾਲੀਆਂ ਰੇਲਗੱਡੀਆਂ 'ਤੇ ਖ਼ਾਸ ਨਜ਼ਰ ਰੱਖ ਰਹੀਆਂ ਹਨ। ਪਿਛਲੇ ਚਾਰ ਦਿਨਾਂ ਵਿਚ ਜੰਮੂ-ਤਵੀ ਤੋਂ ਅਹਿਮਦਾਬਾਦ ਜਾ ਰਹੀ ਜੰਮੂ-ਤਵੀ ਐਕਸਪ੍ਰੈੱਸ ਰੇਲਗੱਡੀ ਨੂੰ ਇਕ ਹੀ ਦਿਨ ਵਿਚ ਇਕ ਨਹੀਂ ਤਿੰਨ-ਤਿੰਨ ਵੱਡੇ ਸਟੇਸ਼ਨਾਂ 'ਤੇ ਰੋਕ ਕੇ ਵੱਖ-ਵੱਖ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਭਾਵੇਂ ਇਸ ਜਾਂਚ ਦਾ ਕਾਰਨ ਅਧਿਕਾਰੀਆਂ ਵਲੋਂ ਚੋਣਾਂ ਨੂੰ ਦੇਖਦੇ ਹੋਏ ਇਸ ਨੂੰ ਰੂਟੀਨ ਦੀ ਚੈਕਿੰਗ ਦਸਿਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਨਾਲ ਐਸਪੀ, ਐਸਐਸਪੀ ਰੈਂਕ ਦੇ ਕਈ ਅਧਿਕਾਰੀ ਢਾਈ ਤੋਂ ਤਿੰਨ ਸੌ ਪੁਲਿਸ ਤੇ ਨੀਮ ਫ਼ੌਜ ਬਲਾਂ ਦੇ ਜਵਾਨਾਂ ਨਾਲ ਅਚਨਚੇਤ ਜੰਮੂ ਤੋਂ ਆ ਰਹੀਆਂ ਰੇਲ ਗੱਡੀਆਂ ਦੇ ਕੁੱਝ ਕੋਚਾਂ ਦੀ ਜਾਂਚ ਕਰ ਰਹੇ ਹਨ, ਉਹ ਕਿਤੇ-ਨਾ-ਕਿਤੇ ਰੂਟੀਨ ਜਾਂ ਨਾ ਹੋ ਕੇ ਕੁੱਝ ਹੋਰ ਹੀ ਸੰਦੇਸ਼ ਦੇ ਰਹੀ ਹੈ। ਸੂਤਰ ਦਸਦੇ ਹਨ ਕਿ ਸੁਰੱਖਿਆ ਏਜੰਸੀਆਂ ਨੂੰ ਇਹ ਸੂਹ ਲੱਗੀ ਹੈ ਕਿ ਕਸ਼ਮੀਰ 'ਚ ਹੁਣ ਫ਼ੌਜ ਦੇ ਮੁਸਤੈਦ ਹੋਣ ਕਾਰਨ ਅਤਿਵਾਦੀ ਪੰਜਾਬ 'ਚ ਅਪਣੀ ਹਾਜ਼ਰੀ ਦਰਜ ਕਰਵਾਉਣਾ ਚਾਹੁੰਦੇ ਹਨ ਪਰ ਇਸ ਦੀ ਸੂਹ ਲਗਦਿਆਂ ਹੀ ਸੁਰੱਖਿਆ ਕਰੜੀ ਕਰ ਦਿਤੀ ਗਈ ਹੈ।