ਨਵੀਂ ਦਿੱਲੀ (ਏਜੰਸੀਆਂ) : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਵਿਚਕਾਰ ਸੀਬੀਐਸਈ ਮਗਰੋਂ ਆਈਸੀਐਸਈ ਨੇ ਵੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ।
ਇਨ੍ਹਾਂ ਬੋਰਡਾਂ ਤੋਂ ਇਲਾਵਾ ਪੰਜਾਬ, ਹਰਿਆਣਾ ਸਣੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਵੀ ਪ੍ਰੀਖਿਆਵਾਂ ਸਬੰਧੀ ਵੱਡੇ ਫੈਸਲੇ ਲਏ ਹਨ। ਪੰਜਾਬ ਸਣੇ ਕੁਝ ਬੋਰਡਾਂ ਨੇ ਤਾਂ 5ਵੀਂ, 8ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਬਿਨਾ ਪੇਪਰ ਲਏ ਅਗਲੀਆਂ ਕਲਾਸਾਂ ਵਿੱਚ ਪ੍ਰਮੋਟ ਕਰ ਦਿੱਤਾ ਹੈ। ਪਰ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸਾਰੇ ਬੋਰਡਾਂ ਨੇ ਇੱਕ ਫੈਸਲਾ ਲਿਆ ਹੈ। ਇਹ ਪ੍ਰੀਖਿਆਵਾਂ ਰੱਦ ਨਹੀਂ ਸਿਰਫ਼ ਮੁਲਤਵੀ ਕੀਤੀਆਂ ਗਈਆਂ
ਆਈਸੀਐਸਈ ਦੀ 10ਵੀਂ ਬੋਰਡ ਦੀ ਪ੍ਰੀਖਿਆ 4 ਮਈ ਤੋਂ ਸ਼ੁਰੂ ਹੋਣੀ ਸੀ, ਪਰ ਹੁਣ ਇਹ ਪ੍ਰੀਖਿਆ ਰੱਦ ਹੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਆਈਸੀਐਸਈ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ। ਬੋਰਡ ਨੇ ਕਿਹਾ ਸੀ ਕਿ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜੂਨ ਵਿੱਚ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਘਾਤਕ ਸਿੱਧ ਹੋ ਰਹੀ ਹੈ। ਹਰ ਦਿਨ ਰਿਕਾਰਡ ਤੋੜ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ।