ਚੰਡੀਗੜ੍ਹ (ਏਜੰਸੀਆਂ) : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਹ ਸਮਾਂ ਗਰਜਣ ਦਾ ਨਹੀਂ ਬਰਸਣ ਦਾ ਸਮਾਂ ਹੈ। ਫੂਲਕਾ ਨੇ ਲਿਖਿਆ ਕਿ 2018 ਵਿਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਜਦ ਬਹਿਸ ਹੋ ਰਹੀ ਸੀ ਤਦ ਆਪ ਨੇ (ਸਿੱਧੂ) ਝੋਲੀ ਫੈਲਾ ਕੇ ਇਨਸਾਫ ਦੀ ਮੰਗ ਕੀਤੀ ਸੀ। ਅੱਜ ਝੋਲੀ ਫੈਲਾਉਣ ਦਾ ਨਹੀਂ ਬਲਕਿ ਬਰਸਣ ਦਾ ਸਮਾਂ ਹੈ। ਫੂਲਕਾ ਨੇ ਪੱਤਰ ਵਿਚ ਕਿਹਾ ਕਿ ਮੈਂ ਉਸ ਸਮੇਂ ਵੀ ਕਿਹਾ ਸੀ ਕਿ ਜੋ ਮਤੇ ਪਾਸ ਹੋ ਰਹੇ ਹਨ, ਉਹ ਠੀਕ ਨਹੀਂ ਹਨ। ਜਦ ਕਿ ਉਸ ਸਮੇਂ ਤਿੰਨ ਮਹੀਨੇ ਉਡੀਕ ਕਰਨ ਦੀ ਗੱਲ ਕਹੀ ਗਈ ਸੀ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਹਾਈਕੋਰਟ ਵਿਚ ਖਾਰਜ ਹੋਣ ਤੋਂ ਬਾਅਦ ÇÎੲਹ ਦੂਜਾ ਮੌਕਾ ਹੈ ਜਦ ਫੂਲਕਾ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਏ ਹਨ। ਫੂਲਕਾ ਨੇ ਇੱਕ ਦਿਨ ਪਹਿਲਾਂ ਹੀ ਐਸਆਈਟੀ ਦੇ ਮੈਂਬਰਾਂ ਦੇ ਖ਼ਿਲਾਫ਼ ਵਿਜੀਲੈਂਸ ਕਮਿਸ਼ਨ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ ਅਤੇ ਹੁਣ ਇੱਕ ਦਿਨ ਬਾਅਦ ਹੀ ਫੂਲਕਾ ਨੇ ਸਿੱਧੂ ਨੂੰ ਪੱਤਰ ਲਿਖਿਆ ਹੈ।
ਇਸ ਪੱਤਰ ਵਿਚ ਫੂਲਕਾ, ਸਿੱਧੂ ਨੂੰ ਸ਼ੀਸ਼ਾ ਦਿਖਾਉਣ ਤੋਂ ਵੀ ਨਹੀਂ ਚੂਕੇ। ਉਨ੍ਹਾਂ ਨੇ ਕਿਹਾ, ਜਦ ਮੈਂ ਪ੍ਰਸਤਾਵ ’ਤੇ ਇਤਰਾਜ਼ ਚੁੱਕਿਆ ਤਾਂ ਆਪ ਨੇ (ਸਿੱਧੂ) ਕਿਹਾ ਸੀ ਕਿ ਫੂਲਕਾ ਸਾਹਿਬ ਇੰਨੀ ਜਲਦਬਾਜ਼ੀ ਨਾ ਕਰੋ। ਦੇਖਦੇ ਰਹੇ, ਸਭ ਕੁਝ ਕਰਾਂਗੇ, ਜਦ ਕਿ ਇਸ ਗੱਲ ਨੂੰ ਢਾਈ ਸਾਲ ਦਾ ਸਮਾਂ ਬੀਤ ਚੁੱਕਾ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅੱਜ ਉਥੇ ਆ ਕੇ ਖੜ੍ਹੇ ਹੋ ਗਏ ਹਨ ਜਿੱਥੋਂ ਚਲੇ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਕਾਰਵਾਈ ਨਹੀਂ ਹੋਈ ਤਾਂ ਗੁਰੂ ਵੀ ਸਾਨੂੰ ਮਾਫ਼ ਨਹੀ ਕਰਨਗੇ।