ਤੇਲ ਅਵੀਵ : ਇਜ਼ਰਾਇਲ ਦੇ ਸਿਹਤ ਮੰਤਰਾਲਾ ਨੇ ਦੇਸ਼ ’ਚ ਸਫ਼ਲ ਟੀਕਾਕਰਨ ਦੇ ਕਾਰਣ ਮਰੀਜ਼ਾਂ ਦੀ ਗਿਣਤੀ ’ਚ ਕਾਫੀ ਕਮੀ ਆਉਣ ਤੋਂ ਬਾਅਦ ਲੋਕਾਂ ਲਈ ਖੁਲ੍ਹੀ ਹਵਾ ’ਚ ਮਾਸਕ ਲਗਾਉਣ ਦੀਆਂ ਪਾਬੰਦੀਆਂ ਨੂੰ ਹਟਾ ਦਿਤਾ ਹੈ। ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ, ‘ਪੂਰੇ ਦੇਸ਼ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ’ਤੇ ਸਿਹਤ ਡਾਇਰੈਕਟਰ ਜਨਰਲ ਹੇਜੀ ਲੇਵੀ ਨੂੰ ਪਾਬੰਦੀਆਂ ਨੂੰ ਰੱਦ ਕਰਨ ਦੇ ਹੁਕਮ ’ਤੇ ਦਸਤਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਨਾਲ ਲੋਕਾਂ ਲਈ ਖੁੱਲ੍ਹੇ ’ਚ ਮਾਸਕ ਲਗਾਉਣਾ ਜ਼ਰੂਰੀ ਨਹੀਂ ਹੋਵੇਗਾ।’
ਇਜ਼ਰਾਇਲ ਨੇ ਇਹ ਕਦਮ ਅਜਿਹੇ ਸਮੇਂ ’ਤੇ ਚੁੱਕਿਆ ਹੈ, ਜਦੋਂ ਉਸ ਨੇ ਆਪਣੀ 80 ਫ਼ੀਸਦੀ ਜਨਤਾ ਨੂੰ ਕੋਰੋਨਾ ਵੈਕਸੀਨ ਲਗਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਮੰਤਰਾਲਾ ਨੇ ਲੋਕਾਂ ਨੂੰ ਘਰ ਤੋਂ ਬਾਹਰ ਭੀੜਭਾੜ ਵਾਲੇ ਸਥਾਨਾਂ ਤੇ ਹੋਰ ਸਮਾਰੋਹਾਂ ’ਚ ਮਾਸਕ ਪਹਿਣਨ ਦੀ ਸਲਾਹ ਦਿੱਤੀ ਤੇ ਜ਼ੋਰ ਦੇ ਕੇ ਕਿਹਾ ਕਿ ਮਾਸਕ ਅਜੇ ਵੀ ਘਰ ਦੇ ਅੰਦਰ ਪਹਿਣਨ ਦੀ ਲੋੜ ਹੈ ਪਰ ਲੋਕਾਂ ਲਈ ਖੁੱਲ੍ਹੇ ਇਲਾਕੇ ’ਚ ਬਿਨਾਂ ਭੀੜ ਵਾਲੇ ਇਲਾਕਿਆਂ ’ਚ ਮਾਸਕ ਪਹਿਣਨਾ ਜ਼ਰੂਰੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ ਬੀਤੀ 20 ਦਸੰਬਰ ਤੋਂ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਸ਼ੁਰੂ ਕੀਤਾ ਸੀ ਤੇ ਦੁਨੀਆ ’ਚ ਇਜ਼ਰਾਇਲ ਸਭ ਤੋਂ ਤੇਜ਼ੀ ਨਾਲ ਵੈਕਸੀਨ ਲਗਾਉਣ ਵਾਲੇ ਦੇਸ਼ਾਂ ’ਚ ਗਿਣਿਆ ਜਾਣ ਲੱਗਾ। ਇਜ਼ਰਾਇਲ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਅਨਤ ਡੈਨਿਅਲੀ ਨੇ ਮਾਰਚ ’ਚ ਕਿਹਾ ਸੀ ਕਿ ਦੇਸ਼ ਦੀ ਯੋਜਨਾ ਹੈ ਕਿ ਸਾਰੀ ਜ਼ਰੂਰੀ ਮਿਆਰੀ ਓਪਰੇਟਿੰਗ ਪ੍ਰਕਿਰਿਆ ਪੂਰਾ ਕਰਦੇ ਹੀ ਦੇਸ਼ ਦੇ 12-16 ਉਮਰ ਵਰਗ ਦੇ ਕਿਸ਼ੋਰਾਂ ਨੂੰ ਟੀਕਾ ਲਗਾਉਣਾ ਸ਼ੁਰੂ ਕੀਤਾ ਜਾਵੇਗਾ।