ਨਵੀਂ ਦਿੱਲੀ, 19 ਅਪ੍ਰੈਲ : ਚੀਨ ਦੇ ਸ਼ਹਿਰ ਹਾਂਗਕਾਂਗ ਵਿਚ ਅਧਿਕਾਰੀਆਂ ਨੇ ਵੱਡਾ ਫੈਸਲਾ ਲਿਆ ਹੈ। ਹਾਂਗਕਾਂਗ ਨੇ ਭਾਰਤ ਤੋਂ ਪੁੱਜਣ ਵਾਲੀਆਂ ਸਾਰੀਆਂ ਉਡਾਣਾਂ 20 ਅਪ੍ਰੈਲ ਤੋਂ 3 ਮਈ ਤੱਕ ਲਈ ਬੰਦ ਕਰ ਦਿੱਤੀਆਂ ਹਨ। ਹਾਂਗਕਾਂਗ ਦੀ ਸਰਕਾਰ ਨੇ ਪਾਕਿਸਤਾਨ ਅਤੇ ਫਿਲੀਪੀਂਸ ਤੋਂ ਪੁੱਜਣ ਵਾਲੀਆਂ ਉਡਾਣਾਂ ਨੂੰ ਵੀ ਬੰਦ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਫਿਲੀਪੀਂਸ ਵਿਚ ਕੋਵਿਡ 19 ਦੇ ਵਧਦੇ ਮਾਮਲਿਆਂ ਦੇ ਚਲਦਿਆਂ ਹਾਂਗਕਾਂਗ ਨੇ ਇਹ ਕਦਮ ਚੁੱਕਿਆ ਹੈ।
ਹਾਂਗਕਾਂਗ ਦੀ ਸਰਕਾਰ ਦਾ ਇਹ ਫੈਸਲਾ ਇਸ ਮਹੀਨੇ ਵਿਸਤਾਰ ਏਅਰਲਾਈਨਜ਼ ਦੀ ਦੋ ਉਡਾਣਾਂ ਤੋਂ ਗਏ 50 ਯਾਤਰੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਆਇਆ ਹੈ। ਹਾਂਗਕਾਂਗ ਦੇ ਨਿਯਮਾਂ ਤਹਿਤ ਉਥੇ ਜਾਣ ਤੋਂ 72 ਘੰਟੇ ਪਹਿਲਾਂ ਸਾਰੇ ਯਾਤਰੀਆਂ ਦੇ ਲਈ ਆਰਟੀ-ਪੀਸੀਆਰ ਜਾਂਚ ਕਰਵਾ ਕੇ ਕੋਵਿਡ 19 ਦੀ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਹਾਂਗਕਾਂਗ ਸਰਕਾਰ ਨੇ ਮੁੰਬਈ ਤੋਂ ਹਾਂਗਕਾਂਗ ਦੇ ਵਿਚ ਵਿਸਤਾਰ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ ਨੂੰ ਦੋ ਮਈ ਤੱਕ ਬੰਦ ਕਰਨ ਦਾ ਐਲਾਨ ਕੀਤਾ ਸੀ। ਇਹ ਫੈਸਲਾ ਵਿਸਤਾਰ ਦੀ ਮੁੰਬਈ-ਹਾਂਗਕਾਂਗ ਉਡਾਣ ਰਾਹੀਂ ਪੁੱਜੇ ਤਿੰਨ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋ ਬਾਅਦ ਲਿਆ ਗਿਆ ਸੀ।