ਕੀਵ, 18 ਅਪ੍ਰੈਲ : ਕੁਝ ਦਿਨ ਪਹਿਲਾਂ ਪੁਤਿਨ ਦੇ ਹੁਕਮ 'ਤੇ ਰੂਸੀ ਫੌਜ ਵਿਚ ਰੋਬੋਟ ਟੈਂਕ ਦੀਆਂ ਯੂਨਿਟਾਂ ਨੂੰ ਐਕਟਿਵ ਕਰ ਦਿੱਤਾ ਗਿਆ ਸੀ। ਰੂਸ ਦੇ ਇਸ ਕਦਮ ਨੂੰ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਨਾਟੋ ਵਿਚ ਸ਼ਾਮਲ ਯੂਕ੍ਰੇਨ ਦੇ ਪੱਖ ਵਿਚ ਵੀ ਅਮਰੀਕਾ, ਜਰਮਨੀ ਅਤੇ ਤੁਰਕੀ ਸਣੇ ਕਈ ਮੁਲਕ ਖੁੱਲ੍ਹ ਕੇ ਆਏ ਹਨ।
ਹੁਣ ਤਾਜ਼ਾ ਰੀਪੋਰਟਾਂ ਮੁਤਾਬਕ ਯੂਕ੍ਰੇਨ ਅਤੇ ਰੂਸ ਵਿਚਾਲੇ ਤਣਾਅ ਵੱਧਦਾ ਹੀ ਜਾ ਰਿਹਾ ਹੈ। ਯੂਕ੍ਰੇਨ ਦੇ ਡਿਪਲੋਮੈਟਾਂ ਨੇ ਰੂਸ ਦੀ ਫੌਜ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਫੌਜੀਆਂ ਦਾ ਮੂਵਮੈਂਟ ਦੱਸਿਆ ਹੈ। ਉਥੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੋਂ ਤਣਾਅ ਘੱਟ ਕਰਨ ਅਤੇ ਕਿਸੇ ਵੀ ਤਰ੍ਹਾਂ ਫੌਜੀ ਐਕਸ਼ਨ ਤੋਂ ਬਚਣ ਦੀ ਅਪੀਲ ਕੀਤੀ ਹੈ। ਯੂਕ੍ਰੇਨ ਦੀ ਫੌਜ ਦੇ ਸਾਰਜੈਂਟ ਸਾਸ਼ਾ ਲੋਵੇਂਕੋ ਨੇ ਦੱਸਿਆ ਕਿ ਸਰਹੱਦ 'ਤੇ ਫੌਜੀਆਂ ਅਤੇ ਉਪਕਰਣ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਜੇ ਹਮਲਾ ਹੁੰਦਾ ਹੈ ਤਾਂ ਜਵਾਬ ਦੇਣ ਦੀ ਤਿਆਰੀ ਵੀ ਹੈ। ਪੁਤਿਨ ਨੇ ਅਮਰੀਕਾ ਸਣੇ ਯੂਰਪੀਨ ਮੁਲਕਾਂ ਨੂੰ ਚਿਤਾਵਨੀ ਦਿੰਦੇ ਹੋਏ ਤਣਾਅ ਨਾ ਭੜਕਾਉਣ ਦੀ ਸਲਾਹ ਦਿੱਤੀ ਸੀ। ਰੂਸੀ ਫੌਜ ਦੇ ਜਵਾਨਾਂ ਅਤੇ ਹਥਿਆਰਾਂ ਦੇ ਯੂਕ੍ਰੇਨ ਦੀ ਹੱਦ ਵੱਲ ਵੱਧਦੇ ਕਾਫਿਲੇ ਨੂੰ ਦੇਖ ਪੂਰੀ ਦੁਨੀਆ ਵਿਚ ਦਹਿਸ਼ਤ ਹੈ। ਜਰਮਨੀ ਦੀ ਚਾਂਸਲਰ ਮਰਕੇਲ ਦੇ ਫੋਨ ਦੇ ਜਵਾਬ ਵਿਚ ਰੂਸ ਨੇ 2 ਟੁੱਕ ਲਹਿਜ਼ੇ ਵਿਚ ਕਿਹਾ ਹੈ ਕਿ ਉਹ ਆਪਣੇ ਮੁਲਕ ਅੰਦਰ ਫੌਜ ਦੀ ਕਿਸੇ ਵੀ ਮੂਵਮੈਂਟ ਨੂੰ ਕਰਨ ਲਈ ਆਜ਼ਾਦ ਹੈ।
ਇਸ ਤੋਂ ਪਹਿਲਾਂ ਯੂਕ੍ਰੇਨ ਦੀਆਂ 3 ਗਨਬੋਟਸ ਦੇ ਰੂਸੀ ਜਹਾਜ਼ਾਂ 'ਤੇ ਗੋਲੀਬਾਰੀ ਤੱਕ ਕਰਨ ਦੀ ਨੌਬਤ ਆ ਗਈ ਸੀ। ਦੋਸ਼ ਹੈ ਕਿ ਰੂਸੀ ਜਹਾਜ਼ ਉਨ੍ਹਾਂ ਨੂੰ ਉਕਸਾਉਣ ਦਾ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ ਦੇਣੀ ਪਈ। ਯੂਕ੍ਰੇਨ ਦੀ ਸਰਕਾਰ ਨੇ ਅਨੁਮਾਨ ਲਾਇਆ ਹੈ ਕਿ ਕ੍ਰੀਮਿਆ ਵਿਚ 40 ਹਜ਼ਾਰ ਫੌਜੀਆਂ ਅਤੇ ਫੌਜੀ ਉਪਕਰਣ ਲਿਆਂਦੇ ਜਾ ਰਹੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੈਂਸਕੀ 15 ਅਪ੍ਰੈਲ ਤੋਂ ਪੈਰਿਸ ਗਏ ਸਨ। ਇਥੇ ਉਨ੍ਹਾਂ ਨੇ ਪੁਤਿਨ ਨਾਲ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਅਤੇ ਜਰਮਨ ਦੀ ਚਾਂਸਲਰ ਏਜੰਲਾ ਮਰਕੇਲ ਨਾਲ ਗੱਲਬਾਤ ਕੀਤੀ ਸੀ।