Sunday, November 24, 2024
 
BREAKING NEWS

ਚੰਡੀਗੜ੍ਹ / ਮੋਹਾਲੀ

20 ਇੰਟੀਗ੍ਰਟਡ ਸੈਂਟਰਾਂ ਵਿੱਚ ਹੀਮੋਫਿਲੀਆ ਦੇ ਮਰੀਜ਼ਾਂ ਨੂੰ ਦਿੱਤੀ ਮੁਫ਼ਤ ਇਲਾਜ ਦੀ ਸਹੂਲਤ : ਬਲਬੀਰ ਸਿੱਧੂ

April 17, 2021 11:03 PM

ਵਿਸ਼ਵ ਹੀਮੋਫਿਲੀਆ ਦਿਵਸ ਮੌਕੇ ਸਿਹਤ ਮੰਤਰੀ ਨੇ ਇਸ ਅਣ-ਕਿਆਸੀ ਘੜੀ ਨਾਲ ਮਿਲਕੇ ਨਜਿੱਠਣ ਦਾ ਦਿੱਤਾ ਸੱਦਾ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਸਰਕਾਰ ਨੇ ਸੂਬੇ ਵਿੱਚ ਹੀਮੋਫਿਲੀਆ ਦੇ ਮਰੀਜਾਂ ਲਈ  ਸੁਚੱਜੀ ਤੇ ਉੱਤਮ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਪਿਛਲੇ ਚਾਰ ਸਾਲਾਂ ਦੌਰਾਨ ਹੀਮੋਗਲੋਬਿਨੋਪੈਥੀਜ ਅਤੇ ਹੀਮੋਫਿਲੀਆ ਮਰੀਜ਼ਾ ਲਈ 20 ਇੰਟੀਗ੍ਰੇਟਡ ਸੈਂਟਰ (ਆਈ.ਸੀ.ਐਚ.ਐਚ.)  ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਸਾਰੇ ਜਿਲਿਆਂ ਵਿੱਚ ਹੀਮੋਫਿਲਿਆ ਦੇ ਸਾਰੇ ਰਜਿਸਟਰਡ ਮਰੀਜਾਂ ਨੂੰ ਬਿਲਕੁਲ ਮੁਫਤ ਇਲਾਜ ਉਪਲਬਧ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ “ਵਿਸ਼ਵ ਹੀਮੋਫਿਲੀਆ ਦਿਵਸ” ਮੌਕੇ ਕੀਤਾ।

ਉਹਨਾਂ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਸਾਨੂੰ ਨਾ ਸਿਰਫ ਜਿਸਮਾਨੀ ਸਿਹਤ ਸਗੋਂ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਾਰਿਆਂ ਨੂੰ ਇਸ ਔਖੀ ਘੜੀ ਵਿੱਚ ਰਲ-ਮਿਲਕੇ ਅੱਗੇ ਆਉਣਾ ਚਾਹੀਦਾ ਹੈ।

ਸ. ਸਿੱਧੂ ਨੇ ਦੱਸਿਆ ਕਿ ਹੀਮੋਗਲੋਬਿਨੋਪੈਥੀਜ਼ ਅਤੇ ਹੀਮੋਫਿਲੀਆ ਲਈ 20 ਇੰਟੀਗ੍ਰੇਟਡ ਸੈਂਟਰ (ਆਈ.ਸੀ.ਐਚ.ਐਚ.) ਤਿੰਨੋਂ ਸਰਕਾਰੀ ਮੈਡੀਕਲ ਕਾਲਜਾਂ (ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ, ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ),   ਬਠਿੰਡਾ, ਫਾਜਲਿਕਾ, ਫਤਿਹਗੜ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ , ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਮੁਹਾਲੀ, ਪਠਾਨਕੋਟ, ਰੂਪਨਗਰ, ਸੰਗਰੂਰ, ਤਰਨਤਾਰਨ ਦੇ ਜਿਲਾ ਹਸਪਤਾਲਾਂ ਅਤੇ ਏਮਜ ਬਠਿੰਡਾ ਵਿਖੇ ਸਥਾਪਤ ਕੀਤੇ ਗਏ ਹਨ। ਇਸ ਲਈ ਹੁਣ ਹੀਮੋਫਿਲੀਆ ਦੇ ਜ਼ਿਆਦਾਤਰ ਮਰੀਜ਼ ਆਪੋ-ਆਪਣੇ ਜਿਲਿਆਂ ਵਿੱਚ ਲੋੜੀਂਦੇ ਇਲਾਜ ਦਾ ਲਾਭ ਲੈ ਸਕਦੇ ਹਨ। ਮੌਜੂਦਾ ਸਮੇਂ ਵਿੱਚ ਸਟੇਟ ਬਲੱਡ ਸੈੱਲ, ਪੰਜਾਬ ਪੂਰੇ ਸੂਬੇ ਵਿੱਚ ਹੀਮੋਫਿਲਿਆ ਲਗਭਗ 500 ਰਜਿਸਟਰਡ ਮਰੀਜਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

    ਉਨਾਂ ਅੱਗੇ ਕਿਹਾ ਕਿ ਹੀਮੋਫਿਲਿਕ ਵਿਅਕਤੀਆਂ ਦਾ ਇਲਾਜ ਵਿਸ਼ੇਸ਼ ਡਾਕਟਰਾਂ, ਪੀਡੀਆਟ੍ਰੀਸ਼ਨਜ਼, ਮੈਡੀਕਲ ਮਾਹਰਾਂ ਅਤੇ ਹੋਰ  ਸਿੱਖਿਅਤ ਸਟਾਫ ਦੀ ਨਿਗਰਾਨੀ ਵਿੱਚ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇਨਾਂ ਸਾਰੇ ਆਈ.ਸੀ.ਐਚ.ਐਚ. ਸੈਂਟਰਾਂ ਵਿਚ ਹੀਮੋਫਿਲੀਆ ਦੇ ਰਜਿਸਟਰਡ ਮਰੀਜਾਂ ਨੂੰ ਐਂਟੀ-ਹੀਮੋਫਿਲੀਆ ਇਲਾਜ ਜਿਵੇਂ ਫੈਕਟਰ 3 , ਫੈਕਟਰ 9 , ਫੈਕਟਰ  7 ਏ, ਫੀਬਾ / ਏ.ਪੀ.ਸੀ.ਸੀ. ਆਦਿ  ਮੁਫਤ ਮੁਹੱਈਆ ਕਰਾਉਣਾ ਸੁਰੂ ਕੀਤਾ ਹੈ। ਇਹ ਫੈਕਟਰ ਇਹਨਾਂ ਕੇਂਦਰਾਂ  ਵਿੱਚ 24 ਘੰਟੇ ਉਪਲਬਧ ਹਨ।

ਮੰਤਰੀ ਨੇ ਕਿਹਾ ਕਿ ਸਰੋਤਾਂ ਦੇ ਕੁਸ਼ਲ ਪ੍ਰਬੰਧਨ ਲਈ ਹਰੇਕ ਜਿਲਾ ਹਸਪਤਾਲ ਵਿਚ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਲਈ ਸੂਬਾ ਸਰਕਾਰ ਨੂੰ ਲਗਭਗ 10 ਕਰੋੜ ਦੇ ਸਾਲਾਨਾ ਖਰਚਾ  ਕਰਨਾ ਪੈਂਦਾ ਹੈ। ਰਾਜ ਸਰਕਾਰ ਵਲੋਂ ਪੰਜਾਬ ਦੇ ਵਸਨੀਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਜਾਣਕਾਰੀ ਭਰਪੂਰ ਸਮੱਗਰੀ ਜਿਵੇਂ ਵੀਡਿਓ ਆਦਿ ਤਿਆਰ ਅਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਹੀਮੋਫਿਲੀਆ ਸਾਂਭ-ਸੰਭਾਲ ਦੇ ਖੇਤਰ ਵਿਚ ਸਮਰੱਥਾ ਵਧਾਉਣ ਲਈ ਸਬੰਧਤ ਸਿਹਤ ਅਧਿਕਾਰੀਆਂ ਜਿਵੇਂ ਪੀਡੀਆਟ੍ਰੀਸ਼ੀਅਨ, ਮੈਡੀਕਲ ਮਾਹਰ, ਆਈਸੀਐਚਐਸ ਦੀਆਂ ਸਟਾਫ ਨਰਸਾਂ ਨੂੰ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ ਦੇ ਸਹਿਯੋਗ ਨਾਲ  ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹੀਮੋਫਿਲੀਆ ਇੱਕ ਖੂਨ ਵਹਿਣ ਦੀ ਬਿਮਾਰੀ ਹੈ ਜਿਸ ਤੋਂ ਪੀੜਤ ਵਿਅਕਤੀ ਵਿੱਚ ਬਹੁਤ ਘੱਟ ਪੱਧਰ  ਦੇ ਕਲੌਟਿੰਗ ਫੈਕਟਰ ਹੁੰਦੇ ਹਨ ਜਾਂ ਇਸਦਾ ਲਹੂ ਸਹੀ ਤਰਾਂ ਨਾਲ ਨਹੀਂ ਜੰਮਦਾ  ਜਿਸ ਨਾਲ ਵਧੇਰੇ ਖੂਨ ਵਹਿਣ ਦੀ ਸਮੱਸਿਆ ਹੁੰਦੀ ਹੈ। ਵਰਲਡ ਫੈਡਰੇਸ਼ਨ ਆਫ ਹੇਮੋਫਿਲੀਆ (ਡਬਲਯ.ੂਐਫ.ਐਚ.) ਵਲੋਂ 1989 ਤੋਂ ਵਿਸ਼ਵ ਹਿਮੋਫਿਲੀਆ ਦਿਵਸ ਮਨਾਇਆ ਜਾਂਦਾ ਹੈ। 17 ਅਪ੍ਰੈਲ ਨੂੰ ਫਰੈਂਕ ਸ਼ਨਾਬੇਲ ਦੇ ਜਨਮਦਿਨ ਦੀ  ਯਾਦ  ਵਜੋਂ ਚੁਣਿਆ ਗਿਆ ਹੈ। ਫ੍ਰੈਂਕ , ਹੀਮੋਫਿਲੀਆ ਤੋਂ ਗੰਭੀਰ ਰੂਪ ਨਾਲ ਪੀੜਤ ਇੱਕ ਕਾਰੋਬਾਰੀ ਸੀ ਜਿਸਨੇ ਵਿਸ਼ਵ ਪੱਧਰ ’ਤੇ ਹੀਮੋਫਿਲਿਆ ਦੇ ਇਲਾਜ ਅਤੇ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਇਸ ਅੰਤਰਰਾਸਟਰੀ ਸੰਸਥਾ ਦੀ ਸਥਾਪਨਾ ਕੀਤੀ।   

 

Have something to say? Post your comment

Subscribe