ਕੈਲੀਫੋਰਨੀਆ (ਏਜੰਸੀਆਂ) : ਅਮਰੀਕਾ ਵਿਚ ਲੁਸਿਆਨਾ ਇਲਾਕੇ ਦੀ ਰਹਿਣ ਵਾਲੀ 33 ਸਾਲਾ ਔਰਤ ਦੇ ਬੈਂਕ ਖਾਤੇ ਵਿਚ ਗ਼ਲਤੀ ਨਾਲ ਲੱਖਾਂ ਡਾਲਰ ਆ ਜਾਣ ’ਤੇ ਉਸ ਔਰਤ ਵਲੋਂ ਕੀਤੀ ਗਈ ਐਸ਼ ਪਰਸਤੀ ਮਹਿੰਗੀ ਪੈ ਗਈ ਕਿਉਂਕਿ ਔਰਤ ਨੇ ਉਨ੍ਹਾਂ ਪੈਸਿਆਂ ਨਾਲ ਘਰ ਤਾਂ ਖ਼ਰੀਦ ਹੀ ਲਿਆ ਉਤੋਂ ਕਾਰ ਵੀ ਖ਼ਰੀਦੀ ਗਈ। ਮਾਮਲਾ ਸਾਹਮਣੇ ਆਉਦ ਉਤੇ ਪੁਲਿਸ ਨੇ ਸਖ਼ਤੀ ਵਿਖਾਈ ਅਤੇ ਔਰਤ ਦੀ ਆਨਾਕਾਨੀ ਕਰਨ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਔਰਤ ਦੇ ਖਾਤੇ ’ਚ ਗਲਤੀ ਨਾਲ 82.56 ਡਾਲਰ ਦੀ ਬਜਾਏ 1.2 ਮਿਲੀਅਨ ਡਾਲਰ ਜਮ੍ਹਾ ਹੋ ਗਏ ਸਨ ਅਤੇ ਇਸ ਔਰਤ ਨੇ ਰਕਮ ਨੂੰ ਵਾਪਸ ਦੇਣ ਤੋਂ ਮਨਾ ਕਰ ਦਿੱਤਾ ਗਿਆ।
ਇਸ ਸਬੰਧੀ ਹਾਰਵੇ ਨਿਵਾਸੀ ਸਪੈਡੋਨੀ ਨੂੰ 911 ਡਿਸਪੈਂਸਰ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ’ਤੇ ਚੋਰੀ, ਬੈਂਕ ਧੋਖਾਧੜੀ ਅਤੇ ਪੈਸਿਆਂ ਦੇ ਗੈਰ-ਕਾਨੂੰਨੀ ਸੰਚਾਰਨ ਦੇ ਦੋਸ਼ ਲਾਏ ਗਏ ਸਨ । ਫੈਡਰਲ ਕੋਰਟ ਦੇ ਦਸਤਾਵੇਜ਼ਾਂ ਅਨੁਸਾਰ ਸਪੈਡੋਨੀ ਨੇ ਚਾਰਲਸ ਸਵੈਬ ਨਾਲ ਇੱਕ ਖਾਤਾ ਖੋਲ੍ਹਿਆ ਸੀ ਅਤੇ ਇੱਕ ਸਾਫਟਵੇਅਰ ਅਪਗ੍ਰੇਡ ਹੋਣ ਤੋਂ ਬਾਅਦ ਵਿੱਤੀ ਕੰਪਨੀ ਨੇ ਉਸ ਨੂੰ ਫਰਵਰੀ ’ਚ ਗਲਤੀ ਨਾਲ ਬਹੁਤ ਜ਼ਿਆਦਾ ਪੈਸੇ ਟ੍ਰਾਂਸਫਰ ਕਰ ਦਿੱਤੇ ਸਨ, ਜਦੋਂ ਚਾਰਲਸ ਸਵੈਬ ਨੇ 33 ਸਾਲਾ ਔਰਤ ਨੂੰ ਇਸ ਗਲਤੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਕਾਲਾਂ ਅਤੇ ਈਮੇਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਲਈ ਕੰਪਨੀ ਨੇ ਮੰਗਲਵਾਰ ਇੱਕ ਮੁਕੱਦਮਾ ਦਾਇਰ ਕਰਦਿਆਂ ਸਪੈਡੋਨੀ ’ਤੇ ਪੈਸੇ ਵਾਪਸ ਨਾ ਕਰਨ ਦਾ ਦੋਸ਼ ਲਾਇਆ। ਅਧਿਕਾਰੀਆਂ ਅਤੇ ਚਾਰਲਸ ਸਵੈਬ ਨੇ ਸ਼ੁੱਕਰਵਾਰ ਦੱਸਿਆ ਕਿ ਉਹ ਲੱਗਭਗ 75 ਫ਼ੀ ਸਦੀ ਪੈਸੇ, ਜੋ ਗ਼ਲਤੀ ਨਾਲ ਸਪੈਡੋਨੀ ਨੂੰ ਦਿੱਤੇ ਗਏ ਸਨ, ਦੀ ਵਸੂਲੀ ਕਰਨ ਦੇ ਯੋਗ ਹੋ ਗਏ ਹਨ । ਇਸ ਮਾਮਲੇ ’ਚ ਸਪੈਡੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਿਊ ਓਰਲੀਨਜ਼ ਦੇ ਬਿਲਕੁਲ ਬਾਹਰ ਜੈਫਰਸਨ ਪੈਰਿਸ ਜੇਲ੍ਹ ’ਚ ਲਿਜਾਇਆ ਗਿਆ ।