ਜਕਾਰਤਾ : ਇੰਡੋਨੇਸ਼ੀਆ ਦੇ ਜਾਵਾ ਸੂਬੇ ਵਿਚ ਆਏ 6.1 ਤੀਬਰਤਾ ਵਾਲੇ ਭੂਚਾਲ ਨਾਲ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 39 ਲੋਕ ਜ਼ਖ਼ਮੀ ਹੋ ਗਏ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਰਾਦਿਤਯ ਜਾਤੀ ਨੇ ਦੱਸਿਆ ਕਿ ਐਤਵਾਰ ਨੂੰ ਆਏ ਇਸ ਤੇਜ਼ ਭੂਚਾਲ ਨਾਲ ਲੁਮਾਜੰਗ, ਮਲੰਗ, ਬਿਲਟਰ, ਜੇਮਬ ਅਤੇ ਟ੍ਰੇਂਗਲੇਕ ਸਮੇਤ ਕਈ ਜ਼ਿਲ੍ਹਿਆਂ ਵਿਚ 1, 189 ਘਰ ਨੁਕਸਾਨੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.1 ਦਰਜ ਕੀਤੀ ਗਈ ਹੈ।
ਮੀਡੀਆ ਰਿਪੋਰਟ ਮੁਤਾਬਕ ਸੈਂਕੜੇ ਜਨਤਕ ਭਵਨਾਂ ਜਿਵੇਂ ਸਿਹਤ ਕੇਂਦਰਾਂ, ਸਿੱਖਿਆ ਸੁਵਿਧਾਵਾਂ, ਪੂਜਾ ਸਥਾਨਾਂ ਅਤੇ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਸੂਬਾਈ ਪ੍ਰਸ਼ਾਸਨ ਨੇ ਰਾਹਤ ਕੈਂਪ ਸਥਾਪਿਤ ਕੀਤੇ ਹਨ ਅਤੇ ਪ੍ਰਭਾਵਿਤਾਂ ਨੂੰ ਚੌਲ, ਫਾਸਟ ਫੂਡ ਅਤੇ ਨੂਡਲਸ ਦੇ ਨਾਲ-ਨਾਲ ਕੰਬਲ ਅਤੇ ਤਰਪਾਲਾਂ ਵੀ ਵੰਡੀਆਂ ਗਈਆਂ ਹਨ।