ਅੰਮ੍ਰਿਤਸਰ, 12 ਅਪ੍ਰੈਲ (ਸੱਚੀ ਕਲਮ ਬਿਊਰੋ) : ਵਿਸਾਖੀ ’ਤੇ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਅਤੇ ਹੋਰ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿਚਾਲੇ ਐਸਜੀਪੀਸੀ ਦੇ ਮੈਂਬਰ ਅਮਰਜੀਤ ਸਿੰਘ ਭਲਾਈਪੁੋਰ, ਗੁਰਮੀਤ ਸਿੰਘ, ਜੋਗਿੰਦਰ ਕੌਰ, ਅਮਰੀਕ ਸਿੰਘ ਆਦਿ ਦੀ ਅਗਵਾਈ ਵਿੱਚ ਇਹ ਜਥਾ ਵਾਹਗਾ ਸੜਕ ਰਾਹੀਂ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਜਥੇ ਵਿੱਚ 429 ਮੈਂਬਰ ਸ਼ਾਮਲ ਹਨ। ਵਿਸਾਖੀ ਦਾ ਪੁਰਬ ਮਨਾਉਣ ਬਾਅਦ ਅਲੱਗ-ਅਲੱਗ ਗੁਰੂ ਘਰਾਂ ਦੇਦਰਸ਼ਨ ਕਰਨ ਮਗਰੋਂ ਇਹ ਜਥਾ 22 ਅਪ੍ਰੈਲ ਨੂੰ ਭਾਰਤ ਵਾਪਸ ਆਏਗਾ। ਐਸਜੀਪੀਸੀ ਨੇ ਜਥੇ ਦੇ ਸਾਰੇ ਮੈਂਬਰਾਂ ਦੇ ਕੋਰੋਨਾ ਟੈਸਟ ਵੀ ਕਰਵਾਏ। ਉੱਧਰ ਪਾਕਿਸਤਾਨ ਸਰਕਾਰ ਨੇ ਭਾਰਤੀ ਜਥੇ ਦੇ ਪਾਕਿਸਤਾਨ ਦੌਰੇ ਨੂੰ ਦੇਖਦੇ ਹੋਏ ਸਥਾਨਕ ਸਿੱਖਾਂ ਲਈ ਗੁਰਦੁਆਰਾ ਪੰਜਾ ਸਾਹਿਬ ਤੇ ਹੋਰ ਗੁਰੂਧਾਮਾਂ ਵਿੱਚ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਹੈ। ਭਾਰਤ ਤੋਂ ਆਉਣ ਵਾਲੇ ਜਥੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ’ਤੇ ਵੀ ਰੋਕ ਲਾਈ ਗਈ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੈਸ਼ਨਲ ਕਮਾਂਡ ਐਂਡ ਅਪ੍ਰੇਸ਼ਨ ਸੈਂਟਰ ਨੇ ਵੀ ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ’ਤੇ ਆਪਣੀ ਮੋਹਰ ਲਾ ਦਿੱਤੀ ਹੈ। ਐਨਸੀਓਸੀ ਨੇ ਐਤਵਾਰਨੂੰ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਐਨਸੀਓਸੀ ਦੇ ਡਿਪਟੀ ਡਾਇਰੈਕਟਰ ਸਈਅਦ ਮੰਸੂਰ ਅੱਬਾਸ ਅਲੀ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਕੋਰੋਨੀ ਦੀ ਤੀਜੀ ਖ਼ਤਰਨਾਕ ਲਹਿਰ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਪਹੁੰਚਣ ਵਾਲੇ ਭਾਰਤੀ ਜਥੇ ਦਾ ਸਵਾਗਤ ਪੀਜੀਪੀਸੀ ਦੇ ਚੋਣਵੇਂ ਅਧਿਕਾਰੀ ਤੇ ਕੁਝ ਸੇਵਾਦਾਰ ਕਰਨਗੇ। ਪਾਕਿਸਤਾਨੀ ਸਿੱਖਾਂ ਤੇ ਹਿੰਦੂ ਸ਼ਰਧਾਲੂਆਂ ਨੂੰ ਵੀ ਉਨ੍ਹਾਂ ਗੁਰਧਾਮਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਜਿੱਥੇ ਭਾਰਤੀ ਜਥੇ ਦੇ ਮੈਂਬਰ ਰੁਕਣਗੇ। ਅੱਬਾਸ ਅਲੀ ਨੈ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਅਜਿਹਾ ਕਰਨਾ ਜ਼ਰੂਰੀ ਸੀ। ਪਾਕਿਸਤਾਨ ਸਿਹਤ ਵਿਭਾਗ ਦੀ ਟੀਮ ਨੂੰ ਵੀ ਸ਼ਰਧਾਲੂਆਂ ਨੂੰ ਕੋਰੋਨਾ ਸਬੰਧੀ ਜਾਂਚ ਕਰਨ ਦੀ ਹਦਾਇਤ ਦਿੱਤੀ ਗਈ ਹੈ। ਕੋਰੋਨਾ ਸਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦੀਆਂ ਵੀ ਹਦਾਇਤਾਂ ਪਾਕਿਸਤਾਨ ਸਰਕਾਰ ਨੇ ਜਾਰੀ ਕੀਤੀਆਂ ਹਨ।