Friday, November 22, 2024
 

ਰਾਸ਼ਟਰੀ

ਰਾਹੁਲ ਗਾਂਧੀ ਵਲੋਂ ਨਰਿੰਦਰ ਮੋਦੀ ਨੂੰ ਚੈਨਲਾਂ ਰਾਹੀਂ ਖੁਲ੍ਹੀ ਬਹਿਸ ਦੀ ਚੁਣੌਤੀ

May 15, 2019 06:42 PM

ਮੋਦੀ ਨੇ ਉਦਯੋਗਪਤੀਆਂ ਲਾਭ ਪਹੁੰਚਾਇਆ ਤੇ ਕਾਂਗਰਸ ਉਨ੍ਹਾਂ ਦੀ ਜੇਬ 'ਚ ਪੈਸਾ ਕੱਢ ਕੇ ਗ਼ਰੀਬਾਂ ਨੂੰ ਵੰਡੇਗੀ : ਰਾਹੁਲ ਗਾਂਧੀ

ਗ੍ਰੰਥਾਂ ਦੀ ਬੇਅਦਬੀ ਨੂੰ ਲੋਕ ਨਾ ਤਾਂ ਭੁੱਲੇ ਹਨ ਅਤੇ ਨਾ ਹੀ ਭੁੱਲਣਗੇ : ਕੈਪਟਨ


ਕੋਟਕਪੂਰਾ : ਛੋਟੇ-ਵੱਡੇ ਵਪਾਰੀਆਂ, ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਛੋਟੇ-ਛੋਟੇ ਕਰਜ਼ੇ ਮੁਆਫ਼ ਕਰਨ ਦੀ ਬਜਾਇ ਅਨਿਲ ਅੰਬਾਨੀ ਸਮੇਤ ਚੋਣਵੇਂ 15 ਵੱਡੇ ਉਦਯੋਗਪਤੀਆਂ ਦਾ 5 ਲੱਖ 95 ਹਜ਼ਾਰ ਕਰੋੜ ਰੁਪਿਆ ਕਰਜ਼ਾ ਮੁਆਫ਼ ਕਰ ਦੇਣਾ, ਨਰਿੰਦਰ ਮੋਦੀ ਦੀ ਇਮਾਨਦਾਰੀ 'ਤੇ ਪ੍ਰਸ਼ਨ ਚਿੰਨ੍ਹ ਹੀ ਨਹੀਂ ਲਾਉਂਦਾ ਬਲਕਿ ਇਥੋਂ ਸਾਫ਼ ਸਪੱਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਕੁੱਝ ਕੁ ਚੋਣਵੇਂ ਵੱਡੇ ਵਪਾਰੀਆਂ ਦੇ ਹਿੱਤਾਂ ਬਾਰੇ ਹੀ ਸੋਚਦੀ ਰਹੀ ਹੈ। ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਬਰਗਾੜੀ ਵਿਖੇ ਫ਼ਰੀਦਕੋਟ ਹਲਕੇ ਦੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ 'ਚ ਰੈਲੀ ਨੂੰ ਸੰਬੋਧਨ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਜਪਾ ਨੇ 30 ਅਪ੍ਰੈਲ 2014 ਦੀਆਂ ਲੋਕ ਸਭਾ ਚੋਣਾ ਮੌਕੇ ਆਮ ਲੋਕਾਂ ਨੂੰ 15-15 ਲੱਖ ਰੁਪਏ ਪ੍ਰਤੀ ਵਿਅਕਤੀ ਦੇਣ ਦਾ ਵਾਅਦਾ ਕੀਤਾ ਸੀ ਪਰ 45 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸਿਰਫ਼ ਇਕ ਵਿਅਕਤੀ ਅਨਿਲ ਅੰਬਾਨੀ ਦਾ ਮੁਆਫ਼ ਕੀਤਾ ਗਿਆ। ਨੀਰਵ ਮੋਦੀ, ਲਲਿਤ ਮੋਦੀ, ਵਿਜੈ ਮਾਲਿਆ ਵਰਗੇ 15 ਹੋਰ ਉਦਯੋਗਪਤੀ ਹਨ, ਜਿਨ੍ਹਾਂ ਦਾ ਕਰਜ਼ਾ ਵੀ ਮੁਆਫ਼ ਹੋਇਆ ਅਤੇ ਉਨ੍ਹਾਂ ਨੂੰ ਮੋਦੀ ਸਰਕਾਰ ਵਲੋਂ ਫ਼ਾਇਦਾ ਪਹੁੰਚਾਉਣ ਦੇ ਨਾਲ-ਨਾਲ ਹਰ ਤਰ ਾਂ ਦੀ ਸਹੂਲਤ ਦੇਣ ਦੇ ਪ੍ਰਬੰਧ ਵੀ ਕੀਤੇ ਗਏ। ਰਾਹੁਲ ਗਾਂਧੀ ਨੇ ਦੁਹਰਾਇਆ ਕਿ ਉਹ ਇਕ ਤੋਂ ਵੱਧ ਵਾਰ ਐਲਾਨੀਆ ਆਖ ਚੁੱਕਾ ਹੈ ਕਿ ਨਰਿੰਦਰ ਮੋਦੀ ਉਸ ਨਾਲ ਕਿਸੇ ਵੀ ਟੀ.ਵੀ. ਚੈਨਲ ਦੇ ਸਿੱਧੇ ਪ੍ਰਸਾਰਣ ਰਾਹੀਂ ਬਹਿਸ ਕਰ ਕੇ ਦੇਖ ਲੈਣ, ਨਰਿੰਦਰ ਮੋਦੀ ਭਾਵੇਂ 3 ਘੰਟੇ ਬੋਲ ਲੈਣ, ਮੈਂ ਮਹਿਜ਼ 15 ਮਿੰਟ ਹੀ ਬੋਲਾਂਗਾ, ਉਨਾਂ ਕੋਲ ਮੇਰੇ ਸਵਾਲਾਂ ਦਾ ਇਕ ਵੀ ਜਵਾਬ ਨਹੀਂ ਹੋਵੇਗਾ, ਮੇਰਾ ਦਾਅਵਾ ਹੈ ਕਿ ਨਰਿੰਦਰ ਮੋਦੀ ਉਸ ਤੋਂ ਬਾਅਦ ਦੇਸ਼ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ। ਉਨ੍ਹਾਂ ਆਖਿਆ ਕਿ ਇਕ ਪਾਸੜ ਇੰਟਰਵਿਊ ਟੀ.ਵੀ. ਚੈਨਲਾਂ ਰਾਹੀਂ ਦਿਖਾ ਕੇ ਨਰਿੰਦਰ ਮੋਦੀ ਝੂਠ ਨੂੰ ਸੱਚ ਸਾਬਤ ਕਰਨ ਦੀ ਗ਼ਲਤਫ਼ਹਿਮੀ 'ਚ ਹਨ। ਬਰਗਾੜੀ ਵਿਖੇ ਵਾਪਰੀ ਬੇਅਦਬੀ ਵਾਲੀ ਘਟਨਾ ਤੋਂ ਬਾਅਦ ਵਾਪਰੇ ਗੋਲੀਕਾਂਡ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਆਖਿਆ ਕਿ ਉਹ ਉਕਤ ਘਟਨਾਵਾਂ ਤੋਂ ਬਾਅਦ ਪੀੜਤ ਪਰਵਾਰਾਂ ਨੂੰ ਮਿਲੇ ਸਨ, ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੈਰਾਨੀ ਹੋਈ ਸੀ ਕਿ ਸ਼ਾਂਤਮਈ ਨਾਮ ਜਪ ਰਹੀਆਂ ਸੰਗਤਾਂ ਉੱਪਰ ਇਸ ਤਰਾਂ ਤਸ਼ੱਦਦ ਦਾ ਦੌਰ ਅਤੇ ਗੋਲੀਆਂ ਚਲਾ ਦੇਣੀਆਂ, ਬਿਲਕੁੱਲ ਵਾਜ਼ਬ ਨਹੀਂ ਸਨ ਜਾਪਦੀਆਂ। ਮੈਂ ਉਸ ਸਮੇਂ ਵੀ ਵਿਸ਼ਵਾਸ ਦਿਵਾਇਆ ਸੀ ਕਿ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲੇਗਾ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ, ਅੱਜ ਫਿਰ ਇਸ ਮੰਚ ਤੋਂ ਦਾਅਵਾ ਕਰਦਾ ਹਾਂ ਕਿ ਇਕ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਸੱਭ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ। ਰਾਹੁਲ ਗਾਂਧੀ ਨੇ ਡਾ. ਮਨਮੋਹਨ ਸਿੰਘ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਵਾਰ-ਵਾਰ ਦੁਹਰਾਇਆ ਕਿ ਡਾ. ਮਨਮੋਹਨ ਸਿੰਘ ਵਰਗਾ ਅਰਥਸ਼ਾਸ਼ਤਰੀ ਦੁਨੀਆਂ 'ਚ ਹੋਰ ਕੋਈ ਨਹੀਂ, ਕਿਸੇ ਸਮੇਂ ਨਰਿੰਦਰ ਮੋਦੀ ਵਲੋਂ ਵਾਰ-ਵਾਰ ਡਾ. ਮਨਮੋਹਨ ਸਿੰਘ ਦਾ ਮਜ਼ਾਕ ਉਡਾਇਆ ਜਾਂਦਾ ਸੀ ਪਰ ਅੱਜ ਸਾਰਾ ਦੇਸ਼ ਨਰਿੰੰਦਰ ਮੋਦੀ ਦਾ ਮਜ਼ਾਕ ਉਡਾ ਰਿਹਾ ਹੈ। ਰਾਹੁਲ ਗਾਂਧੀ ਵਲੋਂ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਅਣਅਧਿਕਾਰਤ ਤੌਰ 'ਤੇ ਮਾਫ ਕਰਨ ਦੇ ਨਾਲ-ਨਾਲ ਹੋਰ ਬੁਲਾਰਿਆਂ ਨੇ ਵੀ ਬੇਅਦਬੀ ਕਾਂਡ, ਪੁਲਿਸੀਆ ਅਤਿਆਚਾਰ, ਰਾਮ ਜਨਮਭੂਮੀ, ਜੁਮਲੇਬਾਜ਼ੀ, ਫ਼ਿਰਕਾਪ੍ਰਸਤੀ, ਨੋਟਬੰਦੀ, ਜੀਐਸਟੀ ਵਰਗੇ ਅਹਿਮ ਮੁੱਦਿਆਂ 'ਤੇ ਬੜੇ ਵਿਸਥਾਰ ਨਾਲ ਆਪੋ ਅਪਣੀ ਗੱਲ ਰੱਖੀ।
     ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ 'ਚ ਸ਼ਾਂਤਮਈ ਵਿਖਾਵਾ ਕਰਦੇ ਵਿਅਕਤੀਆਂ 'ਤੇ ਪੁਲਿਸ ਵਲੋਂ ਬਿਨਾਂ ਭੜਕਾਹਟ ਗੋਲੀ ਚਲਾਉਣ ਕਾਰਨ ਮਾਰੇ ਗਏ ਵਿਅਕਤੀਆਂ ਦੀ ਯਾਦ 'ਚ ਬਰਗਾੜੀ ਵਿਖੇ ਜਾਂ ਨੇੜੇ-ਤੇੜੇ ਇਕ ਯਾਦਗਾਰ ਬਣਾਉਣ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਬਾਰੇ ਬਕਾਇਦਾ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਪ੍ਰਕਾਸ਼ ਸਿੰਘ ਬਾਦਲ ਵਲੋਂ ਬਰਗਾੜੀ ਅਤੇ ਬੇਅਦਬੀ ਦੇ ਹੋਰ ਮਾਮਲਿਆਂ ਨੂੰ ਬੀਤੇ ਦੀ ਗੱਲ ਹੋਣ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਧਾਰਮਕ ਗ੍ਰੰਥਾਂ ਦੀ ਬੇਅਦਬੀ ਨੂੰ ਨਾ ਹੀ ਭੁੱਲੇ ਹਨ ਅਤੇ ਨਾ ਹੀ ਕਦੀ ਭੁੱਲਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਨੂੰ ਇਹ ਸੁਝਾਅ ਦੇਣ ਵਾਸਤੇ ਸ਼ਰਮਸਾਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 500 ਸਾਲਾਂ ਦੌਰਾਨ ਆਪਣੇ ਕਿਸੇ ਵੀ ਮੈਂਬਰ ਵਲੋਂ ਦਿਤੇ ਗਏ ਬਲੀਦਾਨ ਨੂੰ ਨਹੀਂ ਭੁੱਲਿਆ, ਨਾ ਹੀ ਵੱਡਾ ਛੋਟਾ ਘੱਲੂਘਾਰਾ ਭੁੱਲਿਆ ਹੈ, ਇਸ ਲਈ ਉਹ ਇਸ ਨੂੰ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ 93 ਸਾਲ ਉਮਰ ਹੋਣ ਦੇ ਬਾਵਜੂਦ ਬਾਦਲ ਇਸ ਸੱਚਾਈ ਨੂੰ ਨਹੀਂ ਜਾਣ ਸਕਿਆ। ਜਿਸ ਵਾਸਤੇ ਉਸ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਰਾਜ 'ਚ ਵਾਪਰੀਆਂ ਘਟਨਾਵਾਂ ਨੂੰ ਕੋਈ ਕਿਸ ਤਰ੍ਹਾਂ ਭੁੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਜਾਂ ਦੋ ਨਹੀਂ ਸਗੋਂ 58 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਹੈ। ਇਸ ਤੋਂ ਇਲਾਵਾ 47 ਗੁਟਕਾ ਸਾਹਿਬ, 23 ਭਾਗਵਦ ਗੀਤਾ, 5 ਕੁਰਾਨ ਸ਼ਰੀਫ ਅਤੇ 1 ਬਾਈਬਲ ਦੀ ਬੇਅਦਬੀ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਨੱਕ ਹੇਠ ਬੇਅਦਬੀ ਦੇ ਵਿਰੁੱਧ ਸ਼ਾਂਤੀਪੂਰਨ ਵਿਰੋਧ ਦੌਰਾਨ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਉਨ੍ਹਾਂ ਮਹੀਨਿਆਂ ਦੌਰਾਨ ਬਰਗਾੜੀ ਵਿੱਚ ਜੋ ਵੀ ਕੁਝ ਵਾਪਰਿਆ, ਉਸ ਨੂੰ ਪੰਜਾਬ ਕਦੀ ਵੀ ਨਹੀਂ ਭੁੱਲ ਸਕਦਾ। ਰੈਲੀ ਨੂੰ ਉਪਰੋਕਤ ਤੋਂ ਇਲਾਵਾ ਉਮੀਦਵਾਰ ਮੁਹੰਮਦ ਸਦੀਕ, ਕੁਸ਼ਲਦੀਪ ਸਿੰਘ ਢਿੱਲੋਂ, ਲਾਲ ਸਿੰਘ ਚੇਅਰਮੈਨ, ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ, ਅਜੈਪਾਲ ਸਿੰਘ ਸੰਧੂ, ਡਾ. ਹਰਜੋਤ ਕਮਲ ਆਦਿ ਨੇ ਵੀ ਸੰਬੋਧਨ ਕੀਤਾ।

 

Have something to say? Post your comment

 
 
 
 
 
Subscribe