ਇੰਡੋਨੇਸ਼ੀਆ (ਏਜੰਸੀਆਂ) : ਗੂਗਲ ਮੈਪਸ ਨੇ ਬੇਸ਼ਕ ਪਤਾ ਪੁੱਛਣ ਵਾਲਿਆਂ ਲਈ ਰਸਤਾ ਆਸਾਨ ਬਣਾ ਦਿੱਤਾ ਹੈ ਪਰ ਕਦੀ-ਕਦਾਈਂ ਇਸ ਦਾ ਸਹਾਰਾ ਲੈਣਾ ਸਭ ਤੋਂ ਵੱਡੀ ਗ਼ਲਤੀ ਵੀ ਸਾਬਿਤ ਹੋ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗੂਗਲ ਮੈਪ ਜ਼ਰੀਏ ਇਕ ਲਾੜਾ ਬਾਰਾਤ ਲੈ ਕੇ ਲੜਕੀ ਵਾਲਿਆਂ ਦੇ ਇੱਥੇ ਪਹੁੰਚ ਗਿਆ। ਬਰਾਤ ਦੀ ਖ਼ਾਤਰਦਾਰੀ ਵੀ ਹੋਈ ਪਰ ਬਾਅਦ ਵਿਚ ਅਸਲੀਅਤ ਦਾ ਖ਼ੁਲਾਸਾ ਹੋਇਆ ਤਾਂ ਪਤਾ ਚਲਿਆ ਕਿ ਬਰਾਤ ਗ਼ਲਤ ਜਗ੍ਹਾ ਪਹੁੰਚੀ ਹੈ।
ਮਾਮਲਾ ਇੰਡੋਨੇਸ਼ੀਆ ਦਾ ਹੈ ਜਿੱਥੇ ਇਕੋ ਪਿੰਡ ’ਚ ਦੋ ਸਮਾਗਮ ਸਨ, ਇਕ ਵਿਆਹ ਤੇ ਇਕ ਮੰਗਣੀ। ਇਸ ਦੀ ਵਜ੍ਹਾ ਨਾਲ ਭਰਮ ਹੋਇਆ ਤੇ ਲਾੜੇ ਦਾ ਵਿਆਹ ਗ਼ਲਤ ਲੜਕੀ ਨਾਲ ਹੁੰਦੇ-ਹੁੰਦੇ ਬਚ ਗਿਆ।
ਇੰਡੋਨੇਸ਼ੀਆਈ ਦੇ ਇਕ ਪੋਰਟਲ ਦੀ ਇਕ ਖ਼ਬਰ ਅਨੁਸਾਰ 27 ਸਾਲਾ ਲਾੜੀ ਉਲਫ਼ਾ ਨੇ ਦਸਿਆ ਕਿ ਸ਼ੁਰੂ ਵਿਚ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਲੜਕਾ ਉਥੇ ਬਰਾਤ ਲੈ ਕੇ ਆਇਆ ਹੈ, ਉਸ ਦਾ ਹੋਣ ਵਾਲਾ ਪਤੀ ਨਹੀਂ ਹੈ। ਮੇਰੇ ਪਰਵਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਦੋਵਾਂ ਧੜਿਆਂ ’ਚ ਤੋਹਫ਼ਿਆਂ ਦੀ ਵੀ ਅਦਲਾ-ਬਦਲੀ ਹੋਈ।’
ਹਾਲਾਂਕਿ, ਬਰਾਤ ’ਚੋਂ ਹੀ ਕਿਸੇ ਇਕ ਨੂੰ ਉਦੋਂ ਅਹਿਸਾਸ ਹੋਇਆ ਕਿ ਉਹ ਗ਼ਲਤ ਘਰ ਵਿਚ ਵੜ ਗਏ ਹਨ। ਇਸ ਤੋਂ ਬਾਅਦ ਬਰਾਤੀਆਂ ਨੇ ਦਸਿਆ ਕਿ ਗੂਗਲ ਮੈਪਸ ਦੀ ਵਜ੍ਹਾ ਨਾਲ ਉਹ ਗ਼ਲਤ ਪਤੇ ’ਤੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਮਾਫੀ ਮੰਗੀ ਤੇ ਖ਼ਰਚਾ ਦੇਣ ਦੀ ਵੀ ਗੱਲ ਕਹੀ ਪਰ ਲੜਕੀ ਵਾਲਿਆਂ ਨੇ ਵੱਡਾ ਦਿਲ ਦਿਖਾਉਂਦਿਆਂ ਉਨ੍ਹਾਂ ਨੂੰ ਲੜਕੇ ਤੇ ਬਰਾਤ ਨੂੰ ਸਹੀ ਪਤੇ ’ਤੇ ਪਹੁੰਚ ਦਿਤਾ।