ਨਵੀਂ ਦਿੱਲੀ : ਮੌਸਮ ਦੀ ਜਾਣਕਾਰੀ ਦੇਣ ਵਾਲੀ ਏਜੰਸੀ ਸਕਾਈਮੈਟ ਨੇ ਕਿਹਾ ਹੈ ਕਿ ਇਸ ਵਾਰ ਮਾਨਸੂਨ ਤਿੰਨ ਦਿਨ ਦੀ ਦੇਰੀ ਨਾਲ ਕੇਰਲ ਵਿਖੇ ਪਹੁੰਚੇਗਾ।
ਆਮ ਤੌਰ 'ਤੇ ਇਹ 1 ਜੂਨ ਨੂੰ ਕੇਰਲ ਵਿਖੇ ਪਹੁੰਚ ਜਾਂਦਾ ਹੈ ਪਰ ਇਸ ਵਾਰ 4 ਜੂਨ ਨੂੰ ਪਹੁੰਚਣ ਦੀ ਸੰਭਾਵਨਾ ਹੈ। ਇਸ 'ਚ ਦੋ ਦਿਨ ਦਾ 'ਐਰਰ ਮਾਰਜਿਨ' ਰੱਖਿਆ ਗਿਆ ਹੈ। ਸਕਾਈ ਮੈਟ ਦੇ ਪ੍ਰਬੰਧ ਨਿਰਦੇਸ਼ਕ ਜਤਿਨ ਸਿੰਘ ਨੇ ਦੱਸਿਆ ਕਿ ਇਸ ਵਾਰ ਮਾਨਸੂਨ ਦੇ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਹਾਲਾਤ ਬਹੁਤੇ ਵਧੀਆ ਨਜ਼ਰ ਨਹੀਂ ਆ ਰਹੇ।
ਉਨ੍ਹਾਂ ਦੱਸਿਆ ਕਿ ਸਕਾਈਮੈਟ ਮਾਨਸੂਨ ਬਾਰੇ ਆਪਣੇ ਪੁਰਾਣੇ ਪੇਸ਼ਗੀ ਅਨੁਮਾਨ 'ਤੇ ਕਾਇਮ ਹੈ ਕਿ ਇਸ ਸਾਲ ਬਾਰਿਸ਼ ਔਸਤ ਦਾ 93 ਫੀਸਦੀ ਹੋਵੇਗੀ। ਕੇਂਦਰੀ ਭਾਰਤ 'ਚ ਸਭ ਤੋਂ ਘੱਟ 91 ਫੀਸਦੀ ਹੋਵੇਗੀ, ਪੂਰਬੀ ਅਤੇ ਉੱਤਰੀ ਪੂਰਬੀ 'ਚ 92 ਫੀਸਦੀ, ਦੱਖਣ 'ਚ 95 ਫੀਸਦੀ ਅਤੇ ਉੱਤਰੀ ਪੱਛਮੀ ਭਾਰਤ 'ਚ 96 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।