ਚੰਡੀਗੜ੍ਹ : ਸ਼ਹਿਰ ਵਿਚ ਲਗਾਤਾਰ ਵੱਧਦੀ ਕੋਵਿਡ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਪੀ. ਜੀ. ਆਈ. ਪ੍ਰਸ਼ਾਸਨ ਨੇ ਆਪਣੀ ਫਿਜ਼ੀਕਲ ਓ. ਪੀ. ਡੀ. ਸੇਵਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਸ਼ੁੱਕਰਵਾਰ ਨੂੰ ਡਾਇਰੈਕਟਰ ਪੀ. ਜੀ. ਆਈ. ਅਤੇ ਸਾਰੇ ਵਿਭਾਗਾਂ ਦੇ ਮੁਖੀਆਂ ਵਿਚਕਾਰ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਸੋਮਵਾਰ 12 ਅਪ੍ਰੈਲ ਤੋਂ ਪੀ. ਜੀ. ਆਈ. ਵਿਚ ਓ. ਪੀ. ਡੀ. ਸੇਵਾ ਪਿਛਲੇ ਸਾਲ ਦੀ ਤਰ੍ਹਾਂ ਫਿਰ ਬੰਦ ਹੋਣ ਜਾ ਰਹੀ ਹੈ। ਡਾਇਰੈਕਟਰ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਕਾਰਣ ਇਹ ਫ਼ੈਸਲਾ ਲਿਆ ਗਿਆ ਹੈ। ਥੋੜ੍ਹੀ ਜਿਹੀ ਲਾਪਰਵਾਹੀ ਵਾਇਰਸ ਨੂੰ ਵਧਾ ਸਕਦੀ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਨੇ ਕਿਹਾ ਹੈ ਕਿ ਭਾਵੇਂ ਹੀ ਫਿਜ਼ੀਕਲ ਓ. ਪੀ. ਡੀ. ਬੰਦ ਹੋਵੇਗੀ ਪਰ ਅਮਰਜੈਂਸੀ ਮਰੀਜ਼ਾਂ ਦੇ ਇਲਾਜ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਜਿੱਥੋਂ ਤੱਕ ਨਾਨ-ਕੋਵਿਡ ਮਰੀਜ਼ਾਂ ਦਾ ਸਵਾਲ ਹੈ, ਸਾਡੀ ਟੈਲੀ ਕੰਸਲਟੇਸ਼ਨ ਸੇਵਾ ਉਨ੍ਹਾਂ ਲਈ ਜਾਰੀ ਰਹੇਗੀ, ਜੋ ਕਿ ਅਜੇ ਵੀ ਚੱਲ ਰਹੀ ਹੈ।