ਮੋਹਾਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਨੇ ਜਮਾਤ 10ਵੀਂ ਤੇ 12ਵੀਂ ਬੋਰਡ ਪ੍ਰੀਖਿਆ-2021 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਮਾਰਕਸ਼ੀਟ 'ਚ ਲਿਖੇ 'ਸੀ' ਤੋਂ ਪਰੇਸ਼ਾਨ ਨਾ ਹੋਣ ਦੀ ਗੱਲ ਕਹੀ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੁੱਝ ਵਿਦਿਆਰਥੀਆਂ ਦੀ ਮਾਰਕਸ਼ੀਟ 'ਚ 'ਸੀ' ਲਿਖਿਆ ਹੋਇਆ ਹੋਵੇਗਾ ਪਰ ਉਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੇ ਮਾਰਕਸ ਘੱਟ ਆਏ ਹਨ ਜਾਂ ਉਹ ਫੇਲ੍ਹ ਹਨ, ਸਗੋਂ ਇੱਥੇ 'ਸੀ' ਦਾ ਮਤਲਬ ਕੋਰੋਨਾ ਵਾਇਰਸ ਤੋਂ ਹੈ।
ਸੀ. ਬੀ. ਐਸ. ਈ. ਨੇ ਕੋਰੋਨਾ ਪਾਜ਼ੇਟਿਵ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪ੍ਰੀਖਿਆ ਵਿਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਜੇਕਰ ਕੋਈ ਵਿਦਿਆਰਥੀ ਪਾਜ਼ੇਟਿਵ ਹੈ ਜਾਂ ਉਸ ਦੇ ਘਰ 'ਚ ਕੋਈ ਪਾਜ਼ੇਟਿਵ ਹੈ ਤਾਂ ਉਹ ਪ੍ਰੈਕਟੀਕਲ ਪ੍ਰੀਖਿਆ ਬਾਅਦ 'ਚ ਦੇ ਸਕਦਾ ਹੈ। ਸਾਰੇ ਸਕੂਲਾਂ ਨੂੰ ਹਰ ਹਾਲ 'ਚ 11 ਜੂਨ, 2021 ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਲੈਣੀਆਂ ਹੋਣਗੀਆਂ। ਵਿਦਿਆਰਥੀਆਂ ਦੀ ਮਾਰਕਸ਼ੀਟ 'ਚ ਲਿਖੀ 'ਸੀ' ਦਾ ਮਤਲਬ ਇਹੀ ਹੈ ਕਿ ਉਨ੍ਹਾਂ ਨੇ ਕੋਰੋਨਾ ਦੇ ਚੱਲਦਿਆਂ ਅਜੇ ਪ੍ਰੀਖਿਆ ਨਹੀਂ ਦਿੱਤੀ ਹੈ।
ਸਾਲ-2020 'ਚ ਕੋਰੋਨਾ ਦੇ ਵਿਗੜੇ ਹਾਲਾਤ 'ਚ ਕੋਈ ਵਿਦਿਆਰਥੀ ਆਪਣੇ ਪਰਿਵਾਰ ਨਾਲ ਦੂਜੇ ਸ਼ਹਿਰਾਂ 'ਚ ਸ਼ਿਫਟ ਹੋ ਗਏ ਸਨ। ਅਜਿਹੀ ਸਥਿਤੀ 'ਚ ਸੀ. ਬੀ. ਐਸ. ਈ. ਨੇ ਉਨ੍ਹਾਂ ਨੂੰ ਆਪਣਾ ਪ੍ਰੀਖਿਆ ਕੇਂਦਰ ਬਦਲਣ ਦੀ ਰਾਹਤ ਦਿੱਤੀ ਹੈ, ਜੋ ਵੀ ਵਿਦਿਆਰਥੀ ਆਪਣਾ ਪ੍ਰੀਖਿਆ ਕੇਂਦਰ ਬਦਲਣਗੇ, ਸਕੂਲ ਨੂੰ ਉਨ੍ਹਾਂ ਦੀ ਮਾਰਕਸ਼ੀਟ ਅਪਲੋਡ ਕਰਦੇ ਸਮੇਂ ਉਸ 'ਤੇ 'ਟੀ' ਲਿਖਣਾ ਹੋਵੇਗਾ। ਇੱਥੇ ਇਸ ਦਾ ਮਤਲਬ ਟਰਾਂਸਫਰ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏਂ ਕਿ ਸੀ. ਬੀ. ਐਸ. ਈ. ਬੋਰਡ ਪ੍ਰੈਕਟੀਕਲ ਪ੍ਰੀਖਿਆਵਾਂ 1 ਮਾਰਚ, 2021 ਤੋਂ ਸ਼ੁਰੂ ਹੋ ਗਈਆਂ ਹਨ ਅਤੇ 11 ਜੂਨ, 2021 ਤੱਕ ਚੱਲਣਗੀਆਂ।