14 ਦਿਨਾਂ ਦੇ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ
ਵੈਲਿੰਗਟਨ (ਏਜੰਸੀਆਂ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ 19 ਅਪ੍ਰੈਲ ਤੋਂ ‘ਟ੍ਰਾਂਸ-ਤਸਮਾਨ ਬੱਬਲ’ ਦਾ ਘੇਰਾ ਬਦਲਦਿਆਂ ਆਸਟ੍ਰੇਲੀਆ ਦੇ ਸਿਡਨੀ, ਗੋਲਡ ਕੋਸਟ, ਬ੍ਰਿਸਬੇਨ, ਮੈਲਬੌਰਨ, ਐਡੀਲੇਡ, ਸਨਸ਼ਾਈਨ ਕੋਸਟ ਕੈਰਿਨਜ਼ ਵਿਚ 14 ਦਿਨਾਂ ਆਈਸੋਲੇਸ਼ਨ ਰਹਿਤ ਹਵਾਈ ਸਫ਼ਰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਦਾ ਸਵਾਗਤ ਕਰਦਿਆਂ ਆਖਿਆ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਕੋਵਿਡ ਪ੍ਰਬੰਧਨ ਬਾਰੇ ਚਰਚਾ ਕੀਤੀ ਹੈ। ਇਸ ਐਲਾਨ ਦੇ ਤਹਿਤ ਹੁਣ ਜਿਹੜੇ ਵੀ ਨਿਊਜ਼ੀਲੈਂਡ ਦੇ ਵਸਨੀਕ ਆਸਟ੍ਰੇਲੀਆ ਜਾ ਕੇ ਵਾਪਿਸ ਆਉਣਗੇ ਤਾਂ ਉਨ੍ਹਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ ਪਰ ਇਸ ਲਈ ਕੁਝ ਸ਼ਰਤਾਂ ਲਾਗੂ ਰਹਿਣਗੀਆਂ।
ਏਅਰ ਨਿਊਜ਼ੀਲੈਂਡ, ਕੰਤਾਸ ਅਤੇ ਜੈਟਸਟਾਰ ਨੇ ਜਹਾਜ਼ ਅੰਦਰੋਂ ਅਤੇ ਬਾਹਰੋਂ ਚਮਕਾਉਣੇ ਸ਼ੁਰ ਕਰ ਦਿੱਤੇ ਹਨ। ਕੰਤਾਸ ਦੋ ਨਵੇਂ ਹਵਾਈ ਰੂਟ ਕੈਰਨਿਜ ਅਤੇ ਗੋਲਡ ਕੋਸਟ ਲਈ ਚਲਾ ਰਹੀ ਹੈ। ਜਿਹੜੇ ਲੋਕਾਂ ਨੇ 19 ਅਪ੍ਰੈਲ ਤੋਂ 14 ਦਿਨਾਂ ਲਈ ਆਈਸੋਲੇਸ਼ਨ ਬੁੱਕ ਕਰਵਾਈ ਸੀ, ਉਹ ਹੁਣ ਲਾਜ਼ਮੀ ਨਹੀਂ ਰਹੇਗੀ। ਉਨ੍ਹਾਂ ਲੋਕਾਂ ਨੂੰ ਹਵਾਈ ਸਫਰ ਲਈ ਆਪਣੀ ਏਅਰ ਲਾਈਨ ਦੁਬਾਰਾ ਚੈਕ ਕਰਨ ਲਈ ਕਿਹਾ ਗਿਆ ਹੈ। ਇਸ ਆਣ-ਜਾਣ ਦੇ ਸਫਰ ਲਈ ਕੋਰੋਨਾ ਟੀਕਾ ਲੱਗਿਆ ਹੋਣਾ ਜਰੂਰੀ ਨਹੀਂ ਹੈ ਅਤੇ ਨਾ ਹੀ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਪਰ ਜੇਕਰ ਪਿਛਲੇ 14 ਦਿਨਾਂ ਦੇ ਵਿਚ ਤੁਸੀਂ ਕੋਰੋਨਾ ਪਾਜ਼ੇਟਿਵ ਆਏ ਹੋ ਜਾਂ ਆਪਣਾ ਨਤੀਜਾ ਉਡੀਕ ਰਹੇ ਹੋ ਤਾਂ ਤੁਸੀਂ ਸਫਰ ਨਹੀਂ ਕਰ ਸਕੋਗੇ। ਜੇਕਰ ਆਸਟ੍ਰੇਲੀਆ ਵਿਚ ਦੁਬਾਰਾ ਮਹਾਮਾਰੀ ਫੈਲਦੀ ਹੈ ਅਤੇ ਜਿਹੜੇ ਲੋਕ ਉਸ ਤੋਂ ਬਾਅਦ ਵਾਪਿਸ ਨਿਊਜ਼ੀਲੈਂਡ ਪਰਤਦੇ ਹਨ ਤਾਂ ਹੋ ਸਕਦਾ ਹੈ ਉਹਨਾਂ ਨੂੰ ਕੋਰੋਨਾ ਟੈਸਟ ਕਰਾਉਣਾ ਪਵੇ। ਜਾਣ ਵੇਲੇ ਆਸਟ੍ਰੇਲੀਅਨ ਟ੍ਰੈਵਲ ਡੈਕਲਾਰੇਸ਼ਨ ਭਰਨਾ ਹੋਏਗਾ ਜੋ ਕਿ ਪਿਛਲੇ 14 ਦਿਨਾਂ ਸਬੰਧੀ ਹੋਵੇਗਾ। ਹਵਾਈ ਅੱਡੇ 'ਤੇ ਗ੍ਰੀਨ ਜ਼ੋਨ ਵਿਚੋਂ ਲੰਘਣ ਦੀ ਆਜ਼ਾਦੀ ਹੋਵੇਗੀ।
ਇਸ ਦੇ ਨਾਲ ਹੀ ਹਵਾਈ ਅੱਡੇ 'ਤੇ ਬੁਖਾਰ ਆਦਿ ਚੈਕ ਕੀਤਾ ਜਾ ਸਕਦਾ ਹੈ। ਜਹਾਜ਼ ਵਿਚ ਮਾਸਕ ਪਹਿਨਣਾ ਜਰੂਰੀ ਹੋਵੇਗਾ। ਜੇਕਰ ਆਸਟ੍ਰੇਲੀਆ ਵਿਚ ਮਹਾਮਾਰੀ ਫੈਲਦੀ ਹੈ ਅਤੇ ਉਸ ਦੌਰਾਨ ਕਿਸੇ ਨੂੰ ਵਾਪਿਸ ਆਉਣਾ ਪੈਂਦਾ ਹੈ ਤਾਂ ਟ੍ਰੈਫਿਕ ਲਾਈਟਾਂ ਦੀ ਤਰ੍ਹਾਂ ਤਿੰਨ ਰੰਗਾ ਵਾਲਾ ਪ੍ਰੋਗਰਾਮ ਬਣਾਇਆ ਗਿਆ ਹੈ। ਸਥਿਤੀ ਅਨੁਸਾਰ ਉਸੇ ਰੰਗ ਵਾਲੇ ਨਿਯਮ ਲਾਗੂ ਹੋਣਗੇ।