ਅਸਾਮ : ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਇਕ ਪੋਲਿੰਗ ਕੇਂਦਰ 'ਤੇ ਵੱਡੀਆਂ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ। ਉਸ ਪੋਲਿੰਗ ਕੇਂਦਰ ਉਤੇ ਸਿਰਫ 90 ਵੋਟਰ ਰਜਿਸਟਰਡ ਹਨ, ਪਰ ਕੁੱਲ 171 ਵੋਟਾਂ ਪਈਆਂ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੰਜ ਚੋਣ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਪੋਲਿੰਗ ਸਟੇਸ਼ਨ ਹਾਫਲੋਂਗ ਹਲਕੇ ਵਿੱਚ ਹੈ। ਇਸ ਜਗ੍ਹਾ ਉਤੇ 1 ਅਪ੍ਰੈਲ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਈ ਸੀ। ਇਤੇ 74 ਪ੍ਰਤੀਸ਼ਤ ਮਤਦਾਨ ਹੋਇਆ ਸੀ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੇ ਪੋਲਿੰਗ ਸਟੇਸ਼ਨ ਦੇ ਪੰਜ ਚੋਣ ਅਫਸਰਾਂ ਨੂੰ ਮੁਅੱਤਲ ਕਰਕੇ ਇਥੇ ਦੁਬਾਰਾ ਵੋਟਾਂ ਪਵਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪੋਲਿੰਗ ਸਟੇਸ਼ਨ ਖੋਟਲਿਰ ਐਲਪੀ ਸਕੂਲ ਦੇ 107 (ਏ) ਵਿਚ ਸੀ, ਹਾਲਾਂਕਿ, ਇਸ ਪੋਲਿੰਗ ਸਟੇਸ਼ਨ 'ਤੇ ਮੁੜ ਚੋਣ ਕਰਵਾਉਣ ਲਈ ਅਧਿਕਾਰਤ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।
ਮੁਅੱਤਲੀ ਦਾ ਆਦੇਸ਼ ਦੀਮਾ ਹਸਾਓ ਦੇ ਡਿਪਟੀ ਕਮਿਸ਼ਨਰ ਪੁਲਿਸ ਕਮ ਜ਼ਿਲ੍ਹਾ ਚੋਣ ਅਫਸਰ ਦੁਆਰਾ 2 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ, ਪਰ ਇਹ ਸੋਮਵਾਰ ਨੂੰ ਸਾਹਮਣੇ ਆਇਆ।
ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ਲਈ ਵੋਟਰ ਸੂਚੀ ਵਿਚ ਸਿਰਫ 90 ਨਾਮ ਸਨ ਪਰ ਈਵੀਐਮ ਵਿਚ 171 ਵੋਟਾਂ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਪਿੰਡ ਦੇ ਮੁਖੀ ਨੇ ਵੋਟਰ ਸੂਚੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਆਪਣੀ ਸੂਚੀ ਲੈ ਕੇ ਉਥੇ ਆਏ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸੇ ਸੂਚੀ ਅਨੁਸਾਰ ਵੋਟ ਪਾਈ। ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਚੋਣ ਅਧਿਕਾਰੀਆਂ ਨੇ ਪਿੰਡ ਦੇ ਮੁਖੀ ਦੀ ਮੰਗ ਨੂੰ ਸਵੀਕਾਰ ਕਿਉਂ ਕੀਤਾ ਅਤੇ ਸੁਰੱਖਿਆ ਕਰਮਚਾਰੀ ਉਥੇ ਤਾਇਨਾਤ ਸਨ ਜਾਂ ਨਹੀਂ ਅਤੇ ਉਨ੍ਹਾਂ ਦੀ ਭੂਮਿਕਾ ਕੀ ਸੀ।