ਪਟਿਆਲਾ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣ ਮੈਨੀਫੈਸਟੋ 'ਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ ਅਤੇ ਪੰਜਾਬ ਦਾ ਵਿਕਾਸ ਹੀ ਗਠਜੋੜ ਸਰਕਾਰ ਦਾ ਮੁੱਖ ਟੀਚਾ ਹੈ। ਧਰਮਵੀਰ ਗਾਂਧੀ ਦਾ ਕਹਿਣਾ ਹੈ ਇਸ ਮੈਨੀਫੈਸਟੋ 'ਚ ਬੱਚਿਆਂ ਦੀ ਸਿੱਖਿਆ ਸਰਕਾਰੀ ਸਹੂਲਤਾਂ ਅਤੇ ਹੋਰ ਵੀ ਅਨੇਕਾਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ।
1.ਸਭ ਬੱਚਿਆਂ ਲਈ ਉੱਤਮ ਦਰਜੇ ਦੀ ਸਿੱਖਿਆ ਦਾ ਪ੍ਰਬੰਧ ਕਰਨ ਲਈ ਸਰਕਾਰੀ ਸਕੂਲਾਂ ਦੀ ਹਾਲਤ 'ਚ ਅਜੋਕੇ ਸਮੇਂ ਅਨੁਸਾਰ ਸੁਧਾਰ ਕਰਾਂਗਾ ਅਤੇ ਜਿਹੜੇ ਵੀ ਪ੍ਰਾਈਵੇਟ ਸਕੂਲ 'ਚ ਬੱਚਿਆਂ ਅਤੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ, ਉਹ ਬੰਦ ਕਰਵਾਇਆ ਜਾਵੇਗਾ।
2.ਜਿੰਦਗੀ ਜਿਊਣ ਦੇ ਮੁੱਢਲੇ ਅਧਿਕਾਰ ਨੂੰ ਬਚਾਉਣ ਲਈ ਪੇਂਡੂ ਅਤੇ ਸ਼ਹਿਰੀ ਇਲਾਕਿਆਂ 'ਚ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਅਨੇਕਾਂ ਕਦਮ ਚੁੱਕੇ ਜਾਣਗੇ।
3.ਹੁਣ ਜਦੋਂ ਕਿ ਪਟਿਆਲੇ 'ਚ ਰਾਜਪੁਰੇ ਤੋਂ ਬਠਿੰਡਾ ਡਬਲ ਰੇਲ ਲਾਈਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਮੇਰਾ ਅਗਲਾ ਕਦਮ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਉਦਯੋਗਿਕ ਨੀਤੀ ਬਣਵਾਉਣ ਲਈ ਯਤਨ ਤੇਜ ਕੀਤੇ ਜਾਣਗੇ ਤਾਂ ਜੋ ਇਸ ਸਮੁਂਚੇ ਖੇਤਰ 'ਚ ਵਪਾਰਕ, ਰੋਜਗਾਰ ਤੇ ਬਹੁਮੁੱਖੀ ਵਿਕਾਸ ਦੇ ਮੌਕੇ ਉਪਲਬਧ ਹੋ ਸਕਣ। ਇਸ ਖੇਤਰ ਵਿੱਚ ਆਈ.ਟੀ. ਪਾਰਕ ਲਿਆਉਣ ਲਈ ਜ਼ੋਰਦਾਰ ਤਰੀਕੇ ਨਾਲ ਪੱਖ ਪੇਸ਼ ਕੀਤਾ ਜਾਵੇਗਾ ਤਾਂ ਕਿ ਆਈ.ਟੀ. ਖੇਤਰ ਨਾਲ ਜੁੜੇ ਨੌਜਵਾਨਾਂ ਅਤੇ ਹੋਰ ਪੜੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ।
4.ਠੇਕੇਦਾਰੀ ਅਤੇ ਆਊਟ ਸੋਰਸਿੰਗ ਸਿਸਟਮ ਅਧੀਨ ਸਰਕਾਰੀ ਅਤੇ ਨਿੱਜੀ ਸੰਸਥਾਵਾਂ 'ਚ ਕੰਮ ਕਰਨ ਵਾਲੇ ਨੌਜਵਾਨਾਂ ਦਾ ਸ਼ੋਸ਼ਣ ਰੋਕਣ ਲਈ ਉਪਰਾਲੇ ਕੀਤੇ ਜਾਣਗੇ। ਇਸ ਸਬੰਧੀ ਸੰਸਦ 'ਚ ਬਿੱਲ ਵੀ ਪੇਸ਼ ਕੀਤਾ ਜਾਵੇਗਾ।
5.ਪਟਿਆਲਾ 'ਚੋਂ ਓਣਂਟੋ ਸਕੀਮ ਅਧੀਨ ਡੋਮੈਸਟਿਕ ਏਅਰਪੋਰਟ ਦੇ ਨਿਰਮਾਣ ਲਈ ਦਬਾਅ ਬਣਾਇਆ ਜਾਵੇਗਾ ਤਾਂ ਕਿ ਦੂਰ-ਦੂਰਾਡੇ ਦੇ ਸ਼ਹਿਰਾਂ ਅਤੇ ਕਾਰਪੋਰੇਟ ਸ਼ਹਿਰਾਂ 'ਚ ਨੌਕਰੀ ਕਰਨ ਵਾਲੇ ਨੌਜਵਾਨਾਂ ਨੂੰ ਹਵਾਈ ਯਾਤਰਾ ਉਪਲਬਧ ਕਰਵਾਈ ਜਾ ਸਕੇ ਤਾਂ ਜੋ ਪਟਿਆਲਾ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਵਿੱਚ ਵਾਧਾ ਹੋ ਸਕੇ।
6.ਪਟਿਆਲਾ ਨੂੰ ਐਜੂਕੇਸ਼ਨ ਹੱਬ ਦੇ ਤੌਰ ਤੇ ਵਿਕਸਤ ਕਰਨ ਲਈ ਇੱਥੇ ਆਈ.ਆਈ.ਟੀ./ ਐਨ.ਆਈ.ਟੀ. ਅਤੇ ਆਈ.ਆਈ.ਐਮ. ਵਰਗੀਆਂ ਸੰਸਥਾਵਾਂ ਦੀ ਸਥਾਪਨਾ ਲਈ ਜੋਰਦਾਰ ਪੈਰਵਾਈ ਕੀਤੀ ਜਾਵੇਗੀ।
7.ਪੰਜਾਬ ਅਤੇ ਕੇਂਦਰ ਸਰਕਾਰ ਦੇ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੁਰਜੋਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਸਬੰਧੀ ਸੰਸਦ ਵਿੱਚ ਬਿੱਲ ਵੀ ਪੇਸ਼ ਕੀਤਾ ਜਾਵੇਗਾ ਤੇ ਪਾਰਲੀਮੈਂਟ ਮੈਂਬਰਾਂ ਅਤੇ ਐਮ.ਐਲ.ਏਜ਼ ਨੂੰ ਇੱਕ ਵੰਗਾਰ ਦਿੱਤੀ ਜਾਵੇਗੀ ਕਿ ਜਾਂ ਤਾਂ ਆਪਣੇ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਦੇਣ ਨਹੀਂ ਤਾਂ ਆਪਣੀਆਂ ਪੈਨਸ਼ਨਾਂ ਵੀ ਛੱਡ ਦੇਣ। ਜਿਹੜੀਆਂ ਕਿ ਉਹ ਹਰ ਟਰਮ ਵਿੱਚ ਇੱਕ ਨਵੀਂ ਪੈਨਸ਼ਨ ਲੈਣ ਦੇ ਹੱਕਦਾਰ ਹੋ ਜਾਂਦੇ ਹਨ ਤੇ ਕਈ-ਕਈ ਲੱਖ ਰੁਪਏ ਪੈਨਸ਼ਨਾਂ ਦੇ ਰੂਪ 'ਚ ਲੈ ਰਹੇ ਹਨ।
8.ਸੂਬਾ ਅਤੇ ਕੇਂਦਰ ਸਰਕਾਰ ਦੇ ਮੁਲਾਜਮਾਂ ਲਈ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹਫਤੇ 'ਚ ਸਿਰਫ '5 ਕੰਮ ਵਾਲੇ ਦਿਨਾਂ' ਦੀ ਮੰਗ ਨੂੰ ਹਰ ਢੁੱਕਵੇ ਪਲੇਟਫਾਰਮ ਤੇ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇਗਾ।
9.ਮਨਰੇਗਾ ਸਕੀਮ ਤਹਿਤ ਘੱਟੋ-ਘੱਟ ਕੰਮ ਵਾਲੇ ਦਿਨਾਂ ਵਿੱਚ ਵਾਧਾ ਕਰਨ ਅਤੇ ਮਨਰੇਗਾ ਵਰਕਰਾਂ ਦੇ ਭੱਤੇ ਵਿੱਚ ਵਾਧਾ ਕਰਨ ਦੀ ਮੰਗ ਸਖਤੀ ਨਾਲ ਉਠਾਈ ਜਾਵੇਗੀ। ਮਨਰੇਗਾ ਵਰਕਰਾਂ ਦੇ ਜਖ਼ਮੀ ਹੋਣ ਜਾਂ ਜਾਨ ਜਾਣ ਦੀ ਸਥਿਤੀ ਵਿੱਚ ਮੁਆਵਜਾ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।
10.ਸਰਕਾਰ ਦਾ ਧਿਆਨ ਘੱਗਰ ਦਰਿਆ ਨੂੰ ਚੈਨਾਲਾਇਜ਼ ਕਰਨ ਅਤੇ ਪ੍ਰਮੁੱਖ ਵਾਤਾਵਰਨ ਪ੍ਰੇਮੀਆਂ ਦੀ ਮਦਦ ਨਾਲ ਪ੍ਰਦੂਸ਼ਣ ਮੁਕਤ ਕਰਨ ਵੱਲ ਦਿਵਾਇਆ ਜਾਵੇਗਾ।
11.ਵਿਵਾਦਿਤ ਐਸ.ਵਾਈ.ਐਲ. ਪ੍ਰੋਜੈਕਟ ਦੇ ਦੋਵੇਂ ਪਾਸਿਆਂ ਦੇ ਦਰਜਨਾਂ ਪਿੰਡਾਂ 'ਚ ਸੇਮ ਦੀ ਸਮੱਸਿਆ ਅਤੇ ਡਿੱਗ ਰਹੇ ਪਾਣੀ ਦੇ ਪੱਧਰ ਦੀ ਸਮੱਸਿਆ ਪ੍ਰਤੀ ਸਰਕਾਰ ਦੀ ਬੇਰੁੱਖੀ ਦਾ ਵਿਰੋਧ ਕਰਦੇ ਹੋਏ, ਇਹ ਮਸਲਾ ਸੰਸਦ ਵਿੱਚ ਉਠਾਇਆ ਜਾਵੇਗਾ।
12.ਪਿੰਡਾਂ ਦੇ ਵਿਕਾਸ ਵਿੱਚ ਐਨ.ਆਰ.ਆਈ. ਸਾਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਕਦਮ ਚੁੱਕੇ ਜਾਣਗੇ।
13.ਸਰਕਾਰੀ ਮਹਿਕਮਿਆਂ ਵਿੱਚ ਕੰਪੈਸ਼ਨੇਟ ਗਰਾਉਂਡ ਤੇ ਨੌਕਰੀਆਂ 'ਚ ਨਿਯੁਕਤੀਆਂ ਦੇ ਕੰਮ ਕਾਜ ਨੂੰ ਸਰਲ ਬਣਾਉਣ ਅਤੇ ਪਹਿਲ ਦੇ ਆਧਾਰ ਤੇ ਤੇਜ਼ੀ ਲਿਆਉਣ ਲਈ ਸੰਸਦ ਵਿੱਚ ਆਵਾਜ਼ ਚੁੱਕੀ ਜਾਵੇਗੀ।
14.ਟੈਕਸੀ ਡਰਾਇਵਰਾਂ ਅਤੇ ਟਰੱਕ ਡਰਾਇਵਰਾਂ ਦੀ ਸੜਕ ਹਾਦਸਿਆਂ ਦੌਰਾਨ ਅਪਾਹਜ ਹੋਣ ਜਾਂ ਜਾਨ ਜਾਣ ਦੀ ਸੂਰਤ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਮੁਆਵਜਾ ਦਿਵਾਉਣ ਲਈ ਨੀਤੀ ਬਣਾਉਣ ਸਬੰਧੀ ਸੰਸਦ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ।
15.ਪੰਜਾਬ ਸਰਕਾਰ ਵੱਲੋਂ ਛੋਟੇ ਟਰੱਕ ਮਾਲਕਾਂ ਤੇ ਟਰੱਕ ਯੂਨੀਅਨਾਂ ਦਾ ਉਜਾੜਾ ਕਰਕੇ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਧੰਦਾ ਖੋਹ ਕੇ ਜਿਸ ਤਰੀਕੇ ਨਾਲ ਵੱਡੇ ਟਰਾਂਸਪੋਰਟ ਮਾਫੀਆ ਨੂੰ ਉਤਸ਼ਾਹਿਤ ਕੀਤਾ ਗਿਆ ਹੈ, ਇਸਦਾ ਸੰਸਦ ਵਿੱਚ ਵਿਰੋਧ ਕੀਤਾ ਜਾਵੇਗਾ ਅਤੇ ਛੋਟੇ ਟਰੱਕ ਮਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਕੋਮਾਂਤਰੀ ਠੋਸ ਨੀਤੀ ਬਣਵਾਉਣ ਦੀ ਪੈਰਵੀ ਕੀਤੀ ਜਾਵੇਗੀ।
16.ਖੇਤੀ ਅਤੇ ਬਾਗਬਾਨੀ ਅਤੇ ਇਨ੍ਹਾਂ ਦੇ ਕੋਮਾਂਤਰੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਵਿਖੇ ਸਥਿਤ ਹਵਾਈ ਪੱਟੀ ਨੂੰ ਅਪਗ੍ਰੇਡ ਕਰਕੇ ਢੋਆ-ਢੁਆਈ ਦੇ ਯੋਗ ਬਣਾਉਣ ਦੇ ਜ਼ਰੂਰੀ ਕਦਮ ਚੁੱਕੇ ਜਾਣਗੇ।
17.ਅਵਾਰਾ ਕੁੱਤੇ ਅਤੇ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਐਮ.ਪੀ. ਲੈਡ ਫੰਡ ਵਿਚੋਂ ਕਾਰਪੋਰੇਸ਼ਨ ਪਟਿਆਲਾ ਨੂੰ ਦਿੱਤੀਆਂ ਗਈਆਂ ਦੋ ਡਾਕ ਕੈਚਰ ਵੈਨਾਂ ਨੂੰ ਇਸਤੇਮਾਲ ਵਿੱਚ ਲਿਆਉਣ ਲਈ ਕਾਰਪੋਰੇਸ਼ਨ ਦੀ ਲਾਪ੍ਰਵਾਹੀ ਭਰੇ ਰਵਈਏ ਦੀ ਜਾਂਚ ਕਰਵਾ ਕੇ ਮੇਅਰ ਕਾਰਪੋਰੇਸ਼ਨ ਪਟਿਆਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
18.ਪੇਂਡੂ ਖੇਤਰ ਵਿੱਚੋਂ ਦੂਰ-ਦੁਰਾਡੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਵੱਖ-ਵੱਖ ਕਾਲਾਂ 'ਚ ਪੜਨ ਵਾਲੇ ਵਿਦਿਆਰਥੀਆਂ ਲਈ ਸਵੇਰੇ ਤੇ ਦੁਪਹਿਰ ਦੇ ਸਮੇਂ ਆਉਣ ਜਾਣ ਲਈ ਸਰਕਾਰੀ ਬੱਸਾਂ ਦੀ ਆਵਾਜਾਈ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ।