Friday, November 22, 2024
 

ਰਾਸ਼ਟਰੀ

ਸੁਪਰੀਮ ਕੋਰਟ ਨੇ ਕਿਹਾ, ਕਿਰਾਏਦਾਰ ਖ਼ੁਦ ਨੂੰ ਮਾਲਕ ਸਮਝਣ ਦੀ ਗ਼ਲਤੀ ਨਾ ਕਰਨ

April 01, 2021 10:20 PM

ਨਵੀਂ ਦਿੱਲੀ  (ਏਜੰਸੀਆਂ) : ਕਈ ਵਾਰ ਕਿਰਾਏ ’ਤੇ ਰਹਿਣ ਵਾਲੇ ਲੋਕ ਖ਼ੁਦ ਨੂੰ ਮਕਾਨ ਮਾਲਕ ਹੀ ਸਮਝ ਲੈਂਦੇ ਹਨ ਅਤੇ ਮਕਾਨ ਖ਼ਾਲੀ ਕਰਨ ’ਚ ਆਨਾਕਾਨੀ ਕਰਦੇ ਹਨ। ਇਕ ਮਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਵਿਵਾਦ ਇੰਨਾ ਵਧ ਗਿਆ ਕਿ ਉਸ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਸੁਪਰੀਮ ਕੋਰਟ ਨੇ ਸਖ਼ਤ ਲਹਿਜੇ ਵਿਚ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਰਾਏਦਾਰ ਖ਼ੁਦ ਨੂੰ ਮਕਾਨ ਮਾਲਕ ਸਮਝਣ ਦੀ ਗ਼ਲਤੀ ਨਾ ਕਰੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ ’ਤੇ ਪੱਥਰ ਨਹੀਂ ਮਾਰਦੇ।
ਦਰਅਸਲ ਇਕ ਪਟੀਸ਼ਨ ਵਿਚ ਜਸਟਿਸ ਰੋਹਿੰਗਟਨ ਐੱਫ. ਨਰੀਮਨ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਰਾਏਦਾਰ ਦਿਨੇਸ਼ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ। ਜੱਜ ਨੇ ਹੁਕਮ ਦਿਤਾ ਕਿ ਉਸ ਨੂੰ ਦੁਕਾਨ ਖ਼ਾਲੀ ਕਰਨੀ ਹੀ ਪਵੇਗੀ। ਇਸ ਦੇ ਨਾਲ ਹੀ ਕੋਰਟ ਨੇ ਬਕਾਇਆ ਕਿਰਾਇਆ ਵੀ ਦੇਣ ਦੇ ਹੁਕਮ ਜਾਰੀ ਕੀਤੇ। ਕਿਰਾਏਦਾਰ ਦੇ ਵਕੀਲ ਦੁਸ਼ਯੰਤ ਪਰਾਸ਼ਰ ਨੇ ਬੈਂਚ ਨੂੰ ਉਸ ਨੂੰ ਕਿਰਾਏ ਦੀ ਬਕਾਇਆ ਰਕਮ ਜਮ੍ਹਾ ਕਰਵਾਉਣ ਲਈ ਸਮਾਂ ਦੇਣ ਲਈ ਕਿਹਾ। ਇਸ ’ਤੇ ਕੋਰਟ ਨੇ ਕਿਰਾਏਦਾਰ ਨੂੰ ਸਮਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਕੋਰਟ ਨੇ ਕਿਹਾ ਕਿ ਜਿਸ ਤਰੀਕੇ ਨਾਲ ਤੁਸੀਂ ਇਸ ਮਾਮਲੇ ਵਿਚ ਮਕਾਨ ਮਾਲਕ ਨੂੰ ਤੰਗ-ਪਰੇਸ਼ਾਨ ਕੀਤਾ ਹੈ, ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਦਿਤੀ ਜਾ ਸਕਦੀ। ਤੁਹਾਨੂੰ ਦੁਕਾਨ ਖ਼ਾਲੀ ਕਰਨੀ ਹੀ ਪਵੇਗੀ ਅਤੇ ਤੁਰੰਤ ਕਿਰਾਇਆ ਵੀ ਅਦਾ ਕਰਨਾ ਪਵੇਗਾ।
ਕਿਰਾਏਦਾਰ ਨੇ ਕਰੀਬ 3 ਸਾਲਾਂ ਤੋਂ ਮਕਾਨ ਮਾਲਕ ਨੂੰ ਕਿਰਾਏ ਦੀ ਰਕਮ ਨਹੀਂ ਦਿਤੀ ਸੀ। ਆਖ਼ਰਕਾਰ ਮਾਲਕ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹੇਠਲੀ ਅਦਾਲਤ ਨੇ ਕਿਰਾਏਦਾਰ ਨੂੰ ਨਾ ਸਿਰਫ਼ ਬਕਾਇਆ ਅਦਾ ਕਰਨ ਲਈ ਕਿਹਾ, ਸਗੋਂ ਕਿ ਦੁਕਾਨ ਖ਼ਾਲੀ ਕਰਨ ਲਈ ਵੀ ਕਿਹਾ ਸੀ। ਇਸ ਦੇ ਨਾਲ ਹੀ ਮੁਕੱਦਮਾ ਦਾਇਰ ਕਰਨ ਤੋਂ ਲੈ ਕੇ ਦੁਕਾਨ ਖ਼ਾਲੀ ਕਰਨ ਤਕ ਪ੍ਰਤੀ ਮਹੀਨਾ 35 ਹਜ਼ਾਰ ਰੁਪਏ ਕਿਰਾਇਆ ਅਦਾ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਵੀ ਕਿਰਾਏਦਾਰ ਨੇ ਕੋਰਟ ਦੇ ਹੁਕਮ ਨੂੰ ਨਹੀਂ ਮੰਨਿਆ ਸੀ।

 

Have something to say? Post your comment

 
 
 
 
 
Subscribe