ਅੰਮ੍ਰਿਤਸਰ : 30 ਮਾਰਚ ਯਾਨੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2021-22 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਹ ਬਜਟ ਦੁਪਹਿਰ ਸਮੇਂ ਤੇਜਾ ਸਿੰਘ ਸਮੁੰਦਰੀ ਹਾਲ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਵਾਰ ਕੋਰੋਨਾ ਦਾ ਬਜਟ ’ਤੇ ਅਸਰ ਪਿਆ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਸੰਗਤ ’ਤੇ ਨਿਰਭਰ ਕਰਦਾ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸੰਗਤ ਦੁਆਰਾ ਭੇਂਟ ਕੀਤੀ ਗਈ ਆਮਦਨ ਨੂੰ ਹੀ ਅਸੀਂ ਲੋਕਾਂ ਦੀ ਸਹੂਲਤ ਲਈ ਵਰਤਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੀ ਹੈ ਤੇ ਹਰ ਥਾਂ ਮਦਦ ਲਈ ਪਹੁੰਚ ਜਾਂਦੀ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਸਮੇਂ ਕਮੇਟੀ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਨਖ਼ਾਹ ਸਮੇਂ ਸਿਰ ਦਿੱਤੀ ਗਈ ਸੀ ਉਸ ਸਮੇਂ ਭਾਵੇਂ ਸਰਕਾਰੀ ਤਨਖ਼ਾਹ ਰੁਕ ਗਈ ਸੀ ਪਰ ਕਮੇਟੀ ਨੇ ਕਿਸੇ ਦੀ ਕੋਈ ਤਨਖ਼ਾਹ ਨਹੀਂ ਰੋਕੀ ਸੀ। ਇਸ ਦੇ ਨਾਲ ਬੀਬੀ ਜਗੀਰ ਕੌਰ ਨੇ ਕਿਹਾ ਕਿ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਚ ਐੱਸਜੀਪੀਸੀ ਵੱਲੋਂ ਬਹੁਤ ਸਾਰੇ ਟੈਂਟ ਲਗਵਾਏ ਗਏ ਹਨ, ਹੁਣ ਅਸੀਂ ਇਹ ਟੈਂਟ ਟੀਨ ਦੇ ਬਣਵਾ ਰਹੇ ਹਾਂ ਤਾਂ ਜੋ ਗਰਮੀ ਦੇ ਸਮੇਂ ਇਹਨਾਂ ’ਚ ਪੱਖੇ ਲਵਾਏ ਜਾ ਸਕਣ ਤਾਂ ਜੋ ਕਿਸਾਨਾਂ ਦਾ ਗਰਮੀ ਤੋਂ ਬਚਾਅ ਹੋ ਸਕੇ।