ਚੰਡੀਗੜ੍ਹ : ਪੁਲੀਸ ਨੇ ਹਮਲੇ ਦੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਇੱਕ ਮੁਲਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਚੰਡੀਗੜ੍ਹ ਦੀ ਕੋਠੀ 'ਤੇ ਹੋਏ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਦਾ ਸੁਰਾਗ ਪੁਲਿਸ ਨੂੰ ਮਿਲ ਗਿਆ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਸੂਤਰਾਂ ਮੁਤਾਬਕ ਮੁਲਜ਼ਮਾਂ ਵਿੱਚੋਂ ਇੱਕ ਰੋਹਨ ਮਸੀਹ ਹੈ। ਜੋ ਪਿੰਡ ਪਾਸ਼ੀਆਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਅੱਤਵਾਦੀ ਹੈਪੀ ਪਸ਼ੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਹ ਵੀ ਇਸੇ ਪਿੰਡ ਦਾ ਵਸਨੀਕ ਹੈ।
20 ਸਾਲਾ ਰੋਹਨ ਦਾ ਪਿੰਡ ਦੇ ਕੁਝ ਲੋਕਾਂ ਨਾਲ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਤੋਂ ਬਾਅਦ ਉਹ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪਿੰਡੀ ਵਿਖੇ ਰਿਸ਼ਤੇਦਾਰਾਂ ਕੋਲ ਰਹਿਣ ਲੱਗ ਪਿਆ। ਸੂਤਰਾਂ ਮੁਤਾਬਕ ਹਮਲੇ ਤੋਂ ਬਾਅਦ ਜਦੋਂ ਮੁਲਜ਼ਮ ਆਟੋ ਤੋਂ ਸੈਕਟਰ-18 ਪਹੁੰਚੇ ਤਾਂ ਉਥੇ ਲਾਲ ਬੱਤੀ ਲੱਗੀ ਹੋਈ ਸੀ। ਫਿਰ ਉਸ ਨੇ ਆਟੋ ਚਾਲਕ ਨੂੰ ਲਾਲ ਬੱਤੀ ਜੰਪ ਕਰਕੇ ਤੇਜ਼ ਚਲਾਉਣ ਲਈ ਕਿਹਾ। ਆਟੋ ਚਾਲਕ ਨੇ ਲਾਲ ਬੱਤੀ ਨੂੰ ਜੰਪ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਅਜਿਹੇ 'ਚ ਦੋਸ਼ੀ ਨੇ ਉਸ 'ਤੇ 500 ਰੁਪਏ ਦਾ ਨੋਟ ਸੁੱਟ ਦਿੱਤਾ ਅਤੇ ਸੈਕਟਰ-18 ਦੇ ਰਿਹਾਇਸ਼ੀ ਇਲਾਕੇ ਵੱਲ ਫ਼ਰਾਰ ਹੋ ਗਏ। ਪੁਲੀਸ ਨੇ ਉਸ ਇਲਾਕੇ ਦੀ ਸੀਸੀਟੀਵੀ ਰਿਕਾਰਡਿੰਗ ਵੀ ਕਬਜ਼ੇ ਵਿੱਚ ਲੈ ਲਈ ਹੈ। ਇਸ ਦੌਰਾਨ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਦੋ ਮੁਲਜ਼ਮਾਂ ਖ਼ਿਲਾਫ਼ ਅਸਲਾ ਅਤੇ ਯੂਏਪੀਏ ਸਮੇਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਦਿੱਲੀ ਪੁਲਿਸ, ਐਨਆਈਏ ਸਮੇਤ ਕਈ ਏਜੰਸੀਆਂ ਦੀਆਂ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ।