ਕੋਲੰਬੋ : ਈਸਟਰ ਮੌਕੇ ਹੋਏ ਲੜੀਵਾਰ ਧਮਾਕਿਆਂ ਤੋਂ ਬਾਅਦ ਘੱਟ ਗਿਣਤੀ ਮੁਸਲਮਾਨਾਂ ਅਤੇ ਬਹੁਗਿਣਤੀ ਸਿੰਹਲੀ ਭਾਈਚਾਰੇ ਵਿਚਾਲੇ ਲਗਾਤਾਰ ਵੱਧ ਰਹੇ ਤਣਾਅ ਕਾਰਨ ਸ੍ਰੀਲੰਕਾ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾ ਦਿਤੀ ਹੈ। ਇਸੇ ਤਰ੍ਹਾਂ ਸ੍ਰੀਲੰਕਾ ਦੇ ਅਧਿਕਾਰੀਆਂ ਨੇ ਫਿਰਕੂ ਹਿੰਸਾ ਤੋਂ ਬਾਅਦ ਉਤਰ ਪਛਮੀ ਖੇਤਰ ਦੇ ਚਾਰ ਸ਼ਹਿਰਾਂ ਵਿਚ ਕਰਫ਼ਿਊ ਹਟਾਉਣ ਤੋਂ ਕੁੱਝ ਸਮੇਂ ਬਾਅਦ ਇਸ ਨੂੰ ਮੁੜ ਤੋਂ ਲਾਗੂ ਕਰ ਦਿਤਾ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੁਲੀਆਪਿਟੀਆ, ਹੇਟੀਪੋਲੀ, ਬਿਗਿਰੀਆ ਅਤੇ ਡੂਮਲਸੂਰੀਆ ਵਿਚ ਅੱਜ ਸਵੇਰੇ ਇਹ ਕਰਫ਼ਿਊ ਹਟਾ ਦਿਤਾ ਗਿਆ ਸੀ। ਬਾਅਦ ਵਿਚ ਹਿੰਸਾ ਹੋਣ ਤੋਂ ਬਾਅਦ ਇਸ ਕਰਫ਼ਿਊ ਨੂੰ ਮੰਗਲਵਾਰ ਸਵੇਰ ਚਾਰ ਵਜੇ ਤਕ ਲਗਾ ਦਿਤਾ ਗਿਆ ਹੈ।
ਈਸਟਰ ਦੇ ਦਿਨ ਹੋਏ ਧਮਾਕਿਆਂ ਵਿਚ ਲਗਭਗ 260 ਲੋਕ ਮਾਰੇ ਗਏ ਸਨ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ ਸਨ। ਇਕ ਮੁਸਲਮਾਨ ਦੁਕਾਨਦਾਰ ਵਲੋਂ ਫ਼ੇਸਬੁਕ 'ਤੇ ਪਾਈ ਪੋਸਟ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਚਿਲਾਵ ਸ਼ਹਿਰ ਵਿਚ ਭੀੜ ਨੇ ਇਕ ਮਸਜਿਦ ਅਤੇ ਕੁੱਝ ਦੁਕਾਨਾਂ 'ਤੇ ਹਮਲਾ ਕਰ ਦਿਤਾ ਸੀ। ਅਧਿਕਾਰੀਆਂ ਨੇ ਦਸਿਆ ਕਿ ਮੁਸਲਮਾਨਾਂ ਅਤੇ ਸਿੰਹਲੀ ਭਾਈਚਾਰਿਆਂ ਵਿਚਾਲੇ ਲੜਾਈ ਹੋਣ ਤੋਂ ਬਾਅਦ ਅੱਧੀ ਰਾਤ ਤੋਂ ਫ਼ੇਸਬੁਕ ਅਤੇ ਵਟਸਅਪ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਬੀਤੀ ਸ਼ਾਮ ਕੁਲੀਆਪੀਤਿਆ ਇਲਾਕੇ ਤਕ ਗੜਬੜੀ ਫੈਲ ਗਈ ਸੀ ਜਿਥੇ ਇਕ ਮਸਜਿਦ ਤੇ ਕੁੱਝ ਮੁਸਲਮਾਨ ਦੁਕਾਨਦਾਰਾਂ 'ਤੇ ਹਮਲਾ ਹੋਇਆ ਸੀ ਜਿਸ ਕਾਰਨ ਖੇਤਰ ਵਿਚ ਕਰਫ਼ਿਊ ਲਗਾਉਣਾ ਪਿਆ ਸੀ ਅਤੇ ਬਾਅਦ ਵਿਚ ਇਸ ਕਰਫ਼ਿਊ ਨੂੰ ਹਟਾ ਲਿਆ ਗਿਆ ਸੀ।