Friday, November 22, 2024
 

ਚੰਡੀਗੜ੍ਹ / ਮੋਹਾਲੀ

ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੇ ਨਾਲ ਨਾਲ ਕਰੋਨਾ ਮਹਾਂਮਾਰੀ ਤੋਂ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਸ਼ੁਰੂ

March 30, 2021 04:15 PM

ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਪੱਧਰ ਅਤੇ ਕੋਵਿਡ-19 ਤੋਂ ਬਚਣ ਲਈ ਜਾਣਕਾਰੀ ਦਿੱਤੀ ਜਾ ਰਹੀ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀਆਂ ਹਦਾਇਤਾਂ ’ਤੇ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਨਾਲ ਕੋਵਿਡ-19 ਮਹਾਮਾਰੀ ਬਾਰੇ ਜਾਗਰੂਕ ਕਰਨ ਲਈ ਵੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ 31 ਮਾਰਚ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ ਪਰ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕ ਘਰੋ-ਘਰੀ ਜਾ ਕੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਦੌਰਾਨ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਬੁਲਾਰੇ ਅਨੁਸਾਰ ਪਿਛਲੇ ਸਾਲ ਸਕੂਲ ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਕਾਰਨ ਸਾਰਕਾਰੀ ਸਕੂਲਾਂ ਵਿੱਚ ਦਾਖਲਿਆਂ ’ਚ ਤਕਰੀਬਨ 15 ਫੀਸਦੀ ਵਾਧਾ ਹੋਇਆ ਸੀ ਅਤੇ ਇਸ ਸਾਲ ਇਹ ਵਾਧਾ ਪਿੱਛਲੇ ਸਾਲ ਨਾਲੋਂ ਵੀ ਅਧਿਕ ਹੋਣ ਦੀ ਉਮੀਦ ਹੈ।

ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਕੋਰੋਨਾ ਤੋਂ ਬਚਣ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਧਿਆਪਕਾਂ ਵੱਲੋਂ ਆਮ ਲੋਕਾਂ ਨੂੰ ਹੱਥ ਧੋਣ ਦੇ ਤਰੀਕੇ ਬਾਰੇ ਦੱਸਣ ਦੇ ਨਾਲ ਨਾਲ ਮਾਸਕ ਪਹਿਨਣ ਅਤੇ ਘਰ ਤੋਂ ਬਾਹਰ ਜਾਣ ਸਮੇਂ ਆਪਸ ਵਿੱਚ ਸਰੀਰਕ ਦੂਰੀ ਬਣਾ ਕੇ ਰੱਖਣ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਆਮ ਲੋਕਾਂ ਨੂੰ ਕੋਰੋਨਾ ਪ੍ਰਭਾਵਿਤ ਮਰੀਜ਼ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਮ ਲੋਕਾਂ ਨੂੰ ਘਰਾਂ ਤੋਂ ਜ਼ਰੂਰਤ ਸਮੇਂ ਹੀ ਬਾਹਰ ਨਿਕਲਣ ਦੀ ਅਪੀਲ ਕਰਦਿਆਂ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਮਾਜਿਕ ਸਮਾਗਮਾਂ ਦੌਰਾਨ ਇਕੱਠਾਂ ਦੇ ਸਬੰਧ ’ਚ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬੁਲਾਰੇ ਅਨੁਸਾਰ ਲੋਕਾਂ ਨੂੰ ਆਪੋ ਆਪਣੇ ਮੋਬਾਈਲ਼ ਵਿੱਚ ਕੋਵਾ ਐਪ ਡਾਊਨਲੋਡ ਕਰਨ ਲਈ ਅਤੇ ਇਸ ਐਪ ਜ਼ਰੀਏ ਮਿਲਣ ਵਾਲੀਆਂ ਸੇਵਾਵਾਂ ਬਾਰੇ ਵੀ ਜਾਣੂੰ ਕਰਵਾਇਆ ਜਾ ਰਿਹਾ ਹੈ।

 

Have something to say? Post your comment

Subscribe