ਕਾਠਮੰਡੂ (ਏਜੰਸੀਆਂ) : ਨੇਪਾਲ ਦੀ ਰਾਜਧਾਨੀ ਕਾਠਮੰਡ ’ਚ ਐਤਵਾਰ ਨੂੰ ਕੋਵਿਡ-19 ਸੰਬੰਧੀ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਅਤੇ ਭੀੜ ਇਕੱਠੀ ਕਰਨ ਦੇ ਦੋਸ਼ ’ਚ ਹੋਲੀ ਮਨਾਉਣ ਨਿਕਲੇ 60 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਜਦਕਿ 400 ਤੋਂ ਵਧੇਰੇ ਮੋਟਰਸਾਈਕਲ ਵੀ ਜ਼ਬਤ ਕਰ ਲਏ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਮਸ਼ਹੂਰ ਬਸੰਤਪੁਰ ਦਰਬਾਰ ਚੌਰਾਹੇ ’ਤੇ ਐਤਵਾਰ ਸਵੇਰੇ ਹੋਲੀ ਦਾ ਤਿਉਹਾਰ ਮਨਾਉਣ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਕੱਠੇ ਹੋਏ।
ਪੁਲਸ ਨੇ ਭੀੜ ਇਕੱਠੇ ਹੋਣ ਤੋਂ ਰੋਕਣ ਲਈ ਕਾਠਮੰਡੂ ’ਚ ਵੱਖ-ਵੱਖ ਸਥਾਨਾਂ ’ਤੇ ਟ੍ਰੈਫਿਕ ਚੈਕਿੰਗ ਵੀ ਵਧਾ ਦਿੱਤੀ । ਨੇਪਾਲ ਪੁਲਸ ਦੇ ਬੁਲਾਰੇ ਬਸੰਤ ਬਹਾਦੁਰ ਕੁੰਵਰ ਨੇ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਸਮੇਤ ਹੋਰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ 1, 000 ਤੋਂ ਵਧੇਰੇ ਵਾਹਨ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਨੇਪਾਲ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 89 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਹੀ ਦੇਸ਼ ’ਚ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ 2, 76, 839 ਤੱਕ ਪਹੁੰਚ ਗਈ।