ਭੋਪਾਲ, (ਏਜੰਸੀਆਂ) :ਅਕਸਰ ਠੱਗ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ ਪਰ ਕਈ ਵਾਰ ਤਾਂ ਅਸੀ ਸਾਰੇ ਹੀ ਹੈਰਾਨ ਹੋ ਜਾਂਦੇ ਹਾਂ। ਅਜਿਹਾ ਹੀ ਇਕ ਮਾਮਲਾ ਭੋਪਾਲ ਵਿਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਸ਼ੁੱਕਰਵਾਰ ਨੂੰ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਭੋਪਾਲ ਦੇ ਕੋਲਾਰ ਥਾਣੇ ਵਿੱਚ ਇੱਕ ਨਹੀਂ ਬਲਕਿ ਸੱਤ ਲਾੜੇ ਆਪਣੀ ਸ਼ਿਕਾਇਤ ਲੈ ਕੇ ਪਹੁੰਚੇ ਸੀ। ਇਨ੍ਹਾਂ ਲਾੜਿਆਂ ਦੀ ਸ਼ਿਕਾਇਤ ਸੀ ਕੇ ਜਦੋ ਉਹ ਬਰਾਤ ਲੈ ਕੇ ਪਹੁੰਚੇ ਤਾਂ ਨਾ ਤਾਂ ਉੱਥੇ ਲਾੜੀ ਸੀ, ਨਾ ਹੀ ਉਸ ਦੇ ਪਰਿਵਾਰ ਵਾਲੇ ਤੇ ਨਾ ਕੋਈ ਹੋਰ। ਇਨ੍ਹਾਂ ਲਾੜਿਆਂ ਦੀ ਸ਼ਿਕਾਇਤ 'ਤੇ ਕੋਲਾਰ ਪੁਲੀਸ ਨੇ ਧੋਖਾਧੜੀ ਕਰਨ ਵਾਲੀ ਸੰਸਥਾ ਦੇ ਸੰਚਾਲਕਾਂ 'ਤੇ ਧੋਖਾ ਕਰਨ ਦਾ ਕੇਸ ਦਰਜ ਕੀਤਾ ਹੈ। ਸੰਸਥਾ ਨੇ ਉਨ੍ਹਾਂ ਸਾਰਿਆਂ ਦਾ ਵਿਆਹ ਕਰਵਾਉਣ ਲਈ 20-20 ਹਜ਼ਾਰ ਰੁਪਏ ਲਏ ਸਨ। ਦੱਸ ਦੇਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਲਾਰ ਪੁਲਿਸ ਨੇ ਸ਼ਗਨ ਜਨ ਕਲਿਆਣ ਸੇਵਾ ਸੰਮਤੀ ਦੇ ਸੰਚਾਲਕਾਂ ਉੱਤੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨੂੰ ਧੋਖਾ ਦੇਣ ਦਾ ਕੇਸ ਦਰਜ ਕੀਤਾ ਹੈ। ਮੁੰਡਿਆਂ ਨੂੰ ਗਰੀਬ ਲੜਕੀਆਂ ਨੂੰ ਚੰਗੇ ਰਿਸ਼ਤੇ ਕਰਵਾਉਣ ਦੇ ਬਹਾਨੇ ਵਿਖਾਇਆ ਜਾਂਦਾ ਹੈ। ਇਨ੍ਹਾਂ ਲੜਕੀਆਂ ਨੂੰ ਦਿਖਾ ਕੇ ਰਿਜੇਸਟ੍ਰੇਸ਼ਨ ਕਰਵਾਉਣ ਦੇ ਨਾਮ 'ਤੇ ਲਾੜੇ ਦੇ ਕੋਲੋਂ 20-20 ਹਜ਼ਾਰ ਰੁਪਏ ਇਕੱਠੇ ਕੀਤੇ ਗਏ ਸਨ। ਬਾਅਦ ਵਿੱਚ ਲੜਕੀਆਂ ਨੂੰ ਕਹਿੰਦੇ ਸਨ ਕਿ ਲੜਕੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨਿਸ਼ਚਤ ਤਾਰੀਖ ਨੂੰ, ਜਦੋਂ ਲੜਕਾ ਬਰਾਤ ਲੈ ਕੇ ਦੱਸੇ ਪਤੇ 'ਤੇ ਪਹੁੰਚ ਜਾਂਦਾ ਤਾਂ ਉੱਥੇ ਜ਼ਿੰਦਾ ਲੱਗਿਆ ਮਿਲਦਾ। ਰਿੰਕੂ, ਕੁਲਦੀਪ ਅਤੇ ਰੋਸ਼ਨੀ ਤਿਵਾਰੀ ਨਾਮ ਦੇ ਲੋਕ ਇਹ ਰੈਕੇਟ ਚਲਾਉਂਦੇ ਸੀ। ਇਹ ਲੋਕ ਵਿਆਹ ਦੀ ਉਮਰ ਵਾਲੀਆਂ ਗਰੀਬ ਕੁੜੀਆਂ ਦੀ ਭਾਲ ਕਰਦੇ ਸਨ। ਉਹ ਉਨ੍ਹਾਂ ਨੂੰ ਬਿਨਾਂ ਦਾਜ ਤੋਂ ਚੰਗੇ ਘਰ ਵਿੱਚ ਵਿਆਹ ਕਰਾਉਣ ਦਾ ਝਾਂਸਾ ਦਿੰਦੇ ਸਨ। ਉਹ ਲੜਕੀ ਨੂੰ ਲਾੜੇ ਨੂੰ ਦਿਖਾਉਣ ਦੇ ਬਹਾਨੇ ਵੀ ਲਿਆਉਂਦੇ ਸਨ। ਫਿਰ ਬਾਅਦ ਵਿੱਚ ਉਹ ਲੜਕੀ ਨੂੰ ਇਹ ਕਹਿੰਦੇ ਹੋਏ ਇਨਕਾਰ ਕਰ ਦਿੰਦੇ ਸਨ ਕਿ ਰਿਸ਼ਤਾ ਰੱਦ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਕੁਲਦੀਪ ਤਿਵਾਰੀ ਅਤੇ ਉਨ੍ਹਾਂ ਦੀ ਪਤਨੀ ਰੋਸ਼ਨੀ ਤਿਵਾਰੀ ਸ਼ਗਨ ਜਨ ਕਲਿਆਣ ਸੇਵਾ ਸੰਮਤੀ ਦਾ ਸੰਚਾਲਨ ਕਰਦੇ ਹਨ। ਰੋਸ਼ਨੀ ਲੜਕੀ ਦੀ ਮਾਂ ਬਣਦੀ ਸੀ। ਰਿੰਕੂ ਸੇਨ ਸੰਸਥਾ ਦਾ ਕਰਮਚਾਰੀ ਬਣਦਾ ਸੀ। ਰੋਸ਼ਨੀ ਤਿਵਾਰੀ ਕੁੜੀਆਂ ਦੀ ਮਾਂ ਬਣ ਕੇ ਲੋਕਾਂ ਨੂੰ ਠੱਗਦੀ ਸੀ। ਇਸ ਦੌਰਾਨ ਲੜਕਾ ਅਤੇ ਲੜਕੀ ਦੇ ਸੱਚੇ ਹੁੰਦੇ ਹੋਏ ਵੀ ਸਭ ਕੁੱਝ ਝੂਠ ਸੀ।