ਨਵੀਂ ਦਿੱਲੀ, (ਸੱਚੀ ਕਲਮ ਬਿਊਰੋ) : ਪੁਲਿਸ ਟੀਮ ਨੇ ਜਦੋਂ ਫੱਜਾ ਨੂੰ ਰੋਕਿਆ ਤਾਂ ਉਸ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਫੱਜਾ ਨੂੰ ਪੁਲਿਸ ਨੇ ਢੇਰ ਕਰ ਦਿੱਤਾ। ਐਨਕਾਊਂਟਰ ਦੌਰਾਨ ਦੋਵਾਂ ਪਾਸਿਓਂ ਅੰਨ੍ਹਵਾਹ ਗੋਲੀਆਂ ਚੱਲੀਆਂ, ਜਿਸ ’ਚ ਦਿੱਲੀ ਪੁਲਿਸ ਦੇ ਅਧਿਕਾਰੀ ਵਾਲ਼-ਵਾਲ਼ ਬਚ ਗਏ। ਪੁਲਿਸ ਦੇ ਕੁਝ ਜਵਾਨਾਂ ਨੂੰ ਬੁਲੇਟਪਰੂਫ਼ ਜੈਕਟ ’ਚ ਗੋਲੀ ਲੱਗੀ।
ਫੱਜਾ ਪਿਛਲੇ ਦੋ ਦਿਨ ਤੋਂ ਦਿੱਲੀ ਦੇ ਰੋਹਿਣੀ ਸੈਕਟਰ-14 ਦੇ ਤੁਲਸੀ ਅਪਾਰਟਮੈਂਟ ਦੇ ਫਲੈਟ ਨੰਬਰ ਡੀ-9 ਵਿੱਚ ਛੁਪਿਆ ਹੋਇਟਾ ਸੀ। ਉਸ ਦੇ ਨਾਲ ਉਸ ਦੇ ਦੋ ਸਾਥੀ ਯੋਗੇਂਦਰ ਅਤੇ ਭੂਪਿੰਦਰ ਵੀ ਮੌਜੂਦ ਸਨ, ਜੋ ਉਸ ਦੀ ਮਦਦ ਕਰ ਰਹੇ ਸਨ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਨ੍ਹਾਂ ਦੋਵਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਦੀ ਥਰਡ ਬਟਾਲੀਅਨ ਦੀ ਟੀਮ ਕੁਲਦੀਪ ਫੱਜਾ ਨੂੰ ਜੇਲ੍ਹ ਤੋਂ ਜੀਟੀਬੀ ਹਸਪਤਾਲ ਲੈ ਕੇ ਆਈ ਸੀ। ਉੱਥੇ ਉਸ ਦਾ ਮੈਡੀਕਲ ਹੋਣਾ ਸੀ। ਇਸੇ ਦੌਰਾਨ ਉੱਥੇ ਇੱਕ ਸਕਾਰਪੀਓ ਗੱਡੀ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅੱਧਾ ਦਰਜਨ ਦੇ ਲਗਭਗ ਬਦਮਾਸ਼ਾਂ ਨੇ ਪੁਲਿਸ ਬਟਾਲੀਅਨ ਦੇ ਇੰਚਾਰਜ ’ਤੇ ਮਿਰਚੀ ਪਾਊਡਰ ਸੁੱਟ ਦਿੱਤਾ ਸੀ। ਇਸ ਤੋਂ ਪਹਿਲਾਂ ਪੁਲਿਸ ਕਰਮੀ ਕੁਝ ਸਮਝ ਸਕਦੇ ਠੀਕ ਉਸੇ ਸਮੇਂ ਬਦਮਾਸ਼ਾਂ ਨੇ ਕੁਲਦੀਪ ਨੂੰ ਛਡਾਉਣ ਲਈ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦਾ ਫਾਇਦਾ ਲੈ ਕੇ ਸ਼ਾਤਿਰ ਬਦਮਾਸ਼ ਕੁਲਦੀਪ ਨੂੰ ਉੱਥੋਂ ਲੈ ਕੇ ਫਰਾਰ ਹੋ ਗਏ ਸਨ।
ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਕੁਲਦੀਪ ਨੂੰ ਛਡਾਉਣ ਆਏ ਬਦਮਾਸ਼ਾਂ ਵਿੱਚ ਇੱਕ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ, ਜਿਸ ਦੇ ਚਲਦਿਆਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਲਦੀਪ ਖੂੰਖਾਰ ਬਦਮਾਸ਼ ਜਿਤੇਂਦਰ ਗੋਗੀ ਗਿਰੋਹ ਦਾ ਮੈਂਬਰ ਸੀ। ਉਸ ’ਤੇ ਕਤਲ ਜਿਹੇ 70 ਤੋਂ ਵੱਧ ਕੇਸ ਦਰਜ ਸਨ। ਉਹ ਦਿੱਲੀ ਅਤੇ ਹਰਿਆਣਾ ’ਚ ਲੋੜੀਂਦਾ ਸੀ। ਦਿੱਲੀ ਪੁਲਿਸ ਨੇ ਉਸ ’ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। 2020 ਵਿੱਚ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਫਰਾਰੀ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਸਾਰੀਆਂ ਟੀਮਾਂ ਨੂੰ ਚੌਕਸ ਕੀਤਾ ਗਿਆ ਸੀ।