ਕਾਹਿਰਾ (ਏਜੰਸੀਆਂ): ਦੱਖਣੀ ਮਿਸਰ ’ਚ ਦੋ ਰੇਲਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਘਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ’ਚ 66 ਲੋਕ ਜ਼ਖ਼ਮੀ ਹੋਏ ਹਨ। ਮਿਸਰ ਦੇ ਸਿਹਤ ਮੰਤਰਾਲਾ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਦੱਖਣੀ ਸੂਬੇ ਸੋਹਾਗ ’ਚ ਹੋਏ ਇਸ ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਐਂਬੂਲੈਂਸ ਦੀਆਂ ਦਰਜਨਾਂ ਗੱਡੀਆਂ ਅਤੇ ਰਾਹਤ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ।
ਸਥਾਨਕ ਮੀਡੀਆ ’ਚ ਦਿਖਾਏ ਜਾ ਰਹੇ ਹਨ ਘਟਨਾ ਸਥਾਨ ਦੇ ਵੀਡੀਉ ’ਚ ਟਰੇਨ ਦੇ ਡਿੱਬੇ ਪਟੜੀ ਤੋਂ ਲੱਥ ਕੇ ਪਲਟੇ ਹੋਏ ਨਜ਼ਰ ਆ ਰਹੇ ਹਨ ਜਿਸ ਦੇ ਅੰਦਰ ਮਲਬੇ ’ਚ ਯਾਤਰੀਆਂ ਦੇ ਫਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਕੱੁਝ ਪੀੜਤ ਬੇਹੋਸ਼ ਨਜ਼ਰ ਆ ਰਹੇ ਸਨ ਜਦਕਿ ਹੋਰਾਂ ਦੇ ਸਰੀਰ ’ਚੋਂ ਖ਼ੂਨ ਨਿਕਲ ਰਿਹਾ ਸੀ। ਸਥਾਨਕ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਸੱਭ ਤੋਂ ਪਹਿਲਾਂ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਸਰਕਾਰ ਵਲੋਂ ਬਚਾਉ ਦਲ ਘਟਨਾ ਸਥਾਨ ’ਤੇ ਪਹੁੰਚੇ ਤੇ ਡਾਕਟਰਾਂ ਦੀਆਂ ਟੀਮਾਂ ਵੀ ਮੌਕੇ ’ਤੇ ਭੇਜੀਆਂ ਗਈਆਂ। ਹਲਕੇ ਦੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੁਰਘਟਨਾ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ, ਜਾਂਚ ਜਾਰੀ ਹੈ।