Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁੱਖ ਮੰਤਰੀ ਵੱਲੋਂ ਗਲਵਾਨ ਘਾਟੀ ਦੇ ਪੰਜ ਸ਼ਹੀਦਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਦੇਣ ਦੀ ਮਨਜ਼ੂਰੀ

March 26, 2021 08:12 PM

ਸਾਬਕਾ ਸੈਨਿਕਾਂ ਦੀ ਭਲਾਈ, ਅੰਮ੍ਰਿਤਸਰ ਦੇ ਵਾਰ ਮਿਊਜ਼ੀਅਮ ਤੇ ਫਾਜ਼ਿਲਕਾ ਦੀ ਯਾਦਗਾਰ ਲਈ 22.40 ਕਰੋੜ ਰੁਪਏ ਦੇਣ ਦੀ ਪ੍ਰਵਾਨਗੀ
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਗਲਵਾਨ ਘਾਟੀ ਵਿੱਚ ਮਿਸਾਲੀ ਬਹਾਦਰੀ ਦਿਖਾਉਣ ਵਾਲੇ ਪੰਜਾਬ ਦੇ ਪੰਜ ਸ਼ਹੀਦਾਂ ਦੇ ਸਤਿਕਾਰ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸ਼ਹੀਦਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 25-25 ਲੱਖ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ।
ਸਾਬਕਾ ਸੈਨਿਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਿੰਡਾਂ ਦਾ ਵਿਕਾਸ ਕੀਤਾ ਜਾਵੇ।
ਵੇਰਵੇ ਜਾਰੀ ਕਰਦਿਆਂ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਵੱਲੋਂ 3 ਮੀਡੀਅਮ ਰੈਜੀਮੈਂਟ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਿੰਡ ਸੀਲ (ਪਟਿਆਲਾ), 3 ਮੀਡੀਅਮ ਰੈਜੀਮੈਂਟ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਪਿੰਡ ਭੋਜਰਾਜ (ਗੁਰਦਾਸਪੁਰ), 3 ਪੰਜਾਬ ਦੇ ਵੀਰ ਚੱਕਰਾ ਐਵਾਰਡੀ ਸਿਪਾਹੀ ਗੁਰਤੇਜ ਸਿੰਘ ਦੇ ਪਿੰਡ ਬੀਰੇਵਾਲ ਡੋਗਰਾ (ਮਾਨਸਾ), 3 ਪੰਜਾਬ ਦੇ ਸਿਪਾਹੀ ਗੁਰਬਿੰਦਰ ਸਿੰਘ ਦੇ ਪਿੰਡ ਤੋਲੇਵਾਲ (ਸੰਗਰੂਰ) ਅਤੇ 58 ਇੰਜਨੀਅਰ ਰੈਜੀਮੈਂਟ ਦੇ ਲਾਂਸ ਨਾਇਕ ਸਲੀਮ ਖਾਨ ਦੇ ਪਿੰਡ ਮਰਦਾਂਹੇੜੀ (ਪਟਿਆਲਾ) ਦੇ ਵਿਕਾਸ ਲਈ 25-25 ਲੱਖ ਰੁਪਏ ਪ੍ਰਵਾਨ ਕੀਤੇ ਗਏ।
ਇਨ੍ਹਾਂ ਪੰਜ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਮਨਜ਼ੂਰ ਕਰਨ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ, ਅੰਮ੍ਰਿਤਸਰ ਲਈ ਵੀ 18 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਰਹਿਣ-ਸਹਿਣ ਦੀ ਸਹੂਲਤ ਲਈ ਮਾਨਸਾ ਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੈਨਿਕ ਰੈਸਟ ਹਾਊਸਜ਼ ਦੀ ਉਸਾਰੀ ਲਈ 4 ਕਰੋੜ ਰੁਪਏ ਮਨਜ਼ੂਰ ਕੀਤੇ ਗਏ।
ਮੁੱਖ ਮੰਤਰੀ ਨੇ ਫਾਜ਼ਿਲਕਾ ਜ਼ਿਲੇ ਦੇ ਆਸਫਵਾਲਾ ਵਿਖੇ ਵਾਰ ਮੈਮੋਰੀਅਲ ਦੇ ਨਵੀਨੀਕਰਨ ਅਤੇ ਵਿਕਟਰੀ ਟਾਵਰ ਦੀ ਉਸਾਰੀ ਲਈ 39.50 ਲੱਖ ਰੁਪਏ ਜਾਰੀ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਇਹ ਮੈਮੋਰੀਅਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਫਾਜ਼ਿਲਕਾ ਖੇਤਰ ਵਿੱਚ ਸ਼ਹਾਦਤ ਪਾਉਣ ਵਾਲੇ ਸੈਨਿਕਾਂ ਦੀ ਸੂਰਮ ਗਾਥਾ ਦੀ ਯਾਦ ਵਿੱਚ ਉਸਾਰਿਆ ਗਿਆ ਸੀ।

 

Have something to say? Post your comment

Subscribe