ਸਿਡਨੀ (ਏਜੰਸੀਆਂ) : ਹਫਤੇ ਦੇ ਅਖੀਰ ਤੱਕ ਐਨਐਸਡਬਲਯੂ ਦੇ ਖਤਰਨਾਕ ਬਣੇ ਦਰਿਆਵਾਂ ਦਾ ਪਾਣੀ ਚੜ੍ਹਿਆ ਰਹੇਗਾ ਅਤੇ ਉੱਤਰੀ-ਪੱਛਮੀ ਸਿਡਨੀ ਵਿਚ ਹੜ੍ਹਾਂ ਨਾਲ ਸਬੰਧਿਤ ਸੂਬੇ ਵਿਚ ਪਹਿਲੀ ਮੌਤ ਦਰਜ ਕੀਤੀ ਗਈ ਹੈ। ਐਨਐਸਡਬਲਯੂ ਵਿਚ ਲੱਗਭਗ 24000 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਲਿਜਾਇਆ ਗਿਆ ਹੈ ਪਰ ਮੁਸਲਾਧਾਰ ਬਾਰਿਸ, ਜਿਸ ਨੇ ਪਿਛਲੇ ਇਕ ਹਫਤੇ ਤੋਂ ਸੂਬੇ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਆਖਿਰਕਾਰ ਘਟ ਗਈ ਹੈ। ਬਿਨਾਂ ਸ਼ੱਕ ਲੱਗਭਗ 60000 ਲੋਕਾਂ ਨੂੰ ਸਟੇਟ ਐਮਰਜੈਂਸੀ ਸਰਵਿਸ ਨੇ ਕੱਢੇ ਜਾਣ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ, ਕਿਉਂਕਿ ਮੈਕਨੀਟਾਇਰਸ ਗਵਾਈਡਰ, ਕਲੇਰੈਂਸ ਤੇ ਹਾਕਸਬਰੀ, ਨੇਪੀਅਨ ਤੇ ਕੋਲੋ ਦਰਿਆਵਾਂ ਵਿਚ ਹੜ੍ਹ ਦੀ ਚੇਤਾਵਨੀ ਅਜੇ ਵੀ ਬਰਕਰਾਰ ਹੈ। ਐਸਈਐਸ ਨੂੰ ਮਦਦ ਲਈ ਹੁਣ ਤੱਕ 11000 ਫੋਨ ਕਾਲਾਂ ਆਈਆਂ ਹਨ ਅਤੇ 950 ਵਾਰ ਹੜ੍ਹ ਤੋਂ ਲੋਕਾਂ ਨੂੰ ਬਚਾਇਆ ਗਿਆ ਹੈ। ਗਲੇਨੋਰੀ ਵਿਖੇ ਹੜ੍ਹ ਦੇ ਪਾਣੀਆਂ ਵਿਚ ਕਾਰ ਦੇ ਫਸ ਜਾਣ ਕਾਰਨ ਇਕ ਪਾਕਿਸਤਾਨੀ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਸਕੌਟ ਮੋਰੀਸਨ ਤੇ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੇਸੇ ਤੇ ਪ੍ਰੀਮੀਅਰ ਗਲੈਡੀਸ ਬੇਰੇਜਿਕਲੀਅਨ ਨੇ ਵਿਅਕਤੀ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜਾਹਿਰ ਕੀਤੀ ਹੈ। ਮੋਰੀਸਨ ਨੇ ਬੁੱਧਵਾਰ ਦੇ ਦਿਨ ਨੂੰ ਭਿਆਨਕ ਮਾੜਾ ਦਿਨ ਆਖਿਆ ਹੈ।